ਕੋਰੋਨਾ ਟਾਸਕ ਫੋਰਸ ਪਹੁੰਚਾ ਰਹੀ ਪਿੰਡਾਂ ਵਿੱਚ ਖਾਣਾ-ਦਵਾਈ: ਡਾ. ਰਾਜ ਕੁਮਾਰ
ਹੁਸ਼ਿਆਰਪੁਰ 1 ਅਪ੍ਰੈਲ( ਵਿਸ਼ਵ ਵਾਰਤਾ,ਤਰਸੇਮ ਦੀਵਾਨਾ )ਕੋਰੋਨਾ ਟਾਸਕ ਫੋਰਸ ਦੇ ਮੈਂਬਰ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪਹੁੰਚਾਉਣ ਦੇ ਲਈ ਤਨਦੇਹੀ ਨਾਲ ਰੁੱਝੇ ਹੋਏ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਨੇ ਕੀਤੀ। ਉਹਨਾਂ ਨੇ ਕਿਹਾ ਕਿ ਚੱਬੇਵਾਲ ਹਲਕੇ ਵਿੱਚ ਆਮ ਜਨਤਾ ਨੂੰ ਖਾਣਾ, ਦਵਾਈ ਜਾਂ ਕਿਸੇ ਹੋਰ ਕਿਸਮ ਦੀ ਕੋਈ ਤਕਲੀਫ ਨਾ ਹੋਵੇ ਅਤੇ ਜੇਕਰ ਕੋਈ ਕੋਰੋਨਾ ਸਬੰਧਿਤ ਸਮੱਸਿਆ ਆਵੇ ਤਾਂ ਉਸਦੇ ਲਈ ਲੋਕਾਂ ਦੀ ਮਦਦ ਕਰਨ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਨੇ ਇਸ ਕੋਰੋਨਾ ਟਾਸਕ ਫੋਰਸ ਦਾ ਗਠਨ ਕੀਤਾ ਸੀ। ਡਾ. ਰਾਜ ਨੇ ਕਿਹਾ ਕਿ ਉਹਨਾਂ ਨੇ ਆਪਣੇ ਟੀਮ ਮੈਂਬਰਾਂ, ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ, ਪੰਚਾਇਤ ਮੈਂਬਰਾਂ ਉੱਤੇ ਮਾਣ ਹੈ ਜੋ ਇਸ ਸਮੇਂ ਤੇ ਡੱਟ ਕੇ ਆਪਣੇ ਪਿੰਡ ਵਾਸੀਆਂ ਲਈ ਕੰਮ ਕਰ ਰਹੇ ਹਨ। ਪਿੰਡਾਂ ਵਿੱਚ ਰਾਸ਼ਨ ਵੰਡਣ ਅਤੇ ਬਣਿਆ ਹੋਇਆ ਲੰਗਰ ਵਰਤਾਉਣ ਲਈ ਵੀ ਇਸ ਟਾਸਕ ਫੋਰਸ ਦੇ ਮੈਂਬਰ ਹੁੰਮਹੁੰਮਾ ਕੇ ਕੰਮ ਕਰ ਰਹੇ ਹਨ ਤਾਂ ਜੋ ਚੱਬੇਵਾਲ ਹਲਕੇ ਦਾ ਕੋਈ ਵੀ ਨਿਵਾਸੀ ਇਸ ਪੱਖੋਂ ਪ੍ਰੇਸ਼ਾਨ ਨਾ ਹੋਵੇ। ਉਹਨਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਪੁਲਿਸ ਅਤੇ ਜਿਲਾ ਪ੍ਰਸ਼ਾਸਨ ਵੀ ਉਹਨਾਂ ਦੀ ਹਰ ਤਕਲੀਫ ਦੂਰ ਕਰਨ ਲਈ ਨੌ-ਬਰ-ਨੌ ਤਿਆਰ ਹਨ ਤੇ ਲੋਕ ਕਿਰਪਾ ਕਰਕੇ ਆਪਣੇ ਘਰਾਂ ਵਿੱਚ ਦੀ ਰਹਿ ਕੇ ਤੇ ਕਰਫਿਊ ਦਾ ਪੂਰੀ ਤਰ•ਾਂ ਪਾਲਣ ਕਰ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਆਪਣਾ ਯੋਗਦਾਨ ਇਸ ਕੋਰੋਨਾ ਖਿਲਾਫ ਲੜਾਈ ਵਿੱਚ ਦੇਣ।