ਕੈਬਨਿਟ ਮੰਤਰੀ ਹਰਜੋਤ ਬੈਂਸ ਧਮਕੀ ਦੇਣ ਵਾਲਾ ਗ੍ਰਿਫਤਾਰ,ਸੋਸ਼ਲ ਮੀਡੀਆ ‘ਤੇ ਪਾਈ ਸੀ ਵੀਡੀਓ
ਚੰਡੀਗੜ੍ਹ 2 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੌਜਵਾਨ ਆਨੰਦਪੁਰ ਸਾਹਿਬ ਦੇ ਇਲਾਕੇ ਵਿਭੋਰ ਸਾਹਿਬ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਸੋਸ਼ਲ ਮੀਡੀਆ ਤੇ ਮੰਤਰੀ ਨੂੰ ਭੱਦੀ ਭਾਸ਼ਾ ਵਰਤ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਸਥਾਨਕ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਤੋਂ ਉਸ ਦਾ ਰਿਮਾਂਡ ਲੈ ਲਿਆ ਸੀ ਪਰ ਪੁੱਛਗਿੱਛ ਮਗਰੋਂ ਮੁਲਜ਼ਮ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਪਾਇਆ ਗਿਆ। ਜਿਸ ਕਾਰਨ ਉਸ ਨੇ ਕਿਸੇ ਨਾਰਾਜ਼ਗੀ ਕਾਰਨ ਇਹ ਵੀਡੀਓ ਬਣਾਈ। ਵੀਡੀਓ ਵਿੱਚ ਮੁਲਜ਼ਮ ਵੱਲੋਂ ਦਿਖਾਈ ਗਈ ਪਿਸਤੌਲ ਇੱਕ ਖਿਡੌਣਾ ਬੰਦੂਕ ਸੀ। ਅਦਾਲਤ ਨੇ ਮੁਲਜ਼ਮ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਹੈ। ਰੋਪੜ੍ਹ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਕਰੀਬ 2 ਦਿਨ ਪਹਿਲਾਂ ਇੱਕ ਨੌਜਵਾਨ ਨੇ ਹਥਿਆਰਾਂ ਨਾਲ ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਕੇ ਐਸਐਚਓ ਸਮੇਤ ਹੋਰਨਾਂ ਨੂੰ ਧਮਕੀ ਦਿੱਤੀ ਸੀ। ਜਦੋਂ ਪੁਲੀਸ ਟੀਮ ਮੁਲਜ਼ਮ ਨੂੰ ਫੜਨ ਗਈ ਤਾਂ ਉਸ ਨੇ ਪੁਲੀਸ ਮੁਲਾਜ਼ਮਾਂ ’ਤੇ ਵੀ ਹਮਲਾ ਕਰ ਦਿੱਤਾ। ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਕੋਲ ਮੌਜੂਦ ਪਿਸਤੌਲ ਇੱਕ ਏਅਰ ਗਨ ਦੀ ਮਿਲੀ ਹੈ। ਫਿਲਹਾਲ ਮੁਲਜ਼ਮ ਰੋਪੜ ਜੇਲ੍ਹ ਵਿੱਚ ਬੰਦ ਹੈ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਥਿਆਰਾਂ ਨਾਲ ਕੋਈ ਵੀ ਫੋਟੋ ਜਾਂ ਵੀਡੀਓ ਅਪਲੋਡ ਨਾ ਕਰਨ।