ਪੰਜਾਬ ਸਰਕਾਰ ਕੋਲ ਕੋਰੋਨਾ ਨਾਲ ਨਿਪਟਨ ਵਾਲੇ ਸੰਸਾਧਨਾ ਦੀ ਕੋਈ ਕਮੀ ਨਹੀਂ – ਤ੍ਰਿਪਤ ਬਾਜਵਾ
ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਸੂਬਾ ਵਾਸੀਆਂ ਦੇ ਸਹਿਯੋਗ ਸਦਕਾ ਪੰਜਾਬ ਜਲਦ ਹੀ ਕੋਰੋਨਾ ਜੰਗ ਵਿੱਚੋਂ ਜੇਤੂ ਹੋ ਕੇ ਨਿਕਲੇਗਾ
ਬਟਾਲਾ, 5 ਮਈ( ਵਿਸ਼ਵ ਵਾਰਤਾ ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਰ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ, ਦੇਸ਼ ਅਤੇ ਦੁਨੀਆਂ ਭਰ ਦੇ ਕੋਰੋਨਾ ਪੀੜ੍ਹਤ ਮਰੀਜ਼ਾਂ ਦੀ ਜਲਦ ਸਿਹਤਯਾਬੀ ਦੀ ਅਰਦਾਸ ਕੀਤੀ ਹੈ। ਕੈਬਨਿਟ ਮੰਤਰੀ ਸ. ਬਾਜਵਾ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਹਾ ਕਿ ਮਨੁੱਖਤਾ ਉੱਪਰ ਆਇਆ ਇਹ ਖਤਰਾ ਪ੍ਰਮਾਤਮਾ ਦੀ ਰਹਿਮਤ ਸਦਕਾ ਜਰੂਰ ਟਲ ਜਾਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਬਾਹਰੋਂ ਆਏ ਲੋਕਾਂ ਕਰਕੇ ਭਾਂਵੇ ਕੋਰੋਨਾ ਪਾਜ਼ਟਿਵ ਕੇਸਾਂ ਦੀ ਗਿਣਤੀ ਵਧੀ ਹੈ, ਪਰ ਕਿਉਂਕਿ ਉਨ੍ਹਾਂ ਵਿਅਕਤੀਆਂ ਨੂੰ ਆਉਂਦਿਆਂ ਹੀ ਇਕਾਂਤਵਾਸ ਕਰ ਲਿਆ ਗਿਆ ਸੀ ਇਸ ਲਈ ਇਸ ਨਾਲ ਬਿਮਾਰੀ ਦੇ ਇੰਨ੍ਹਾਂ ਤੋਂ ਅੱਗੇ ਪਸਾਰ ਦਾ ਡਰ ਨਹੀਂ ਹੈ ਅਤੇ ਇਹ ਲੋਕ ਛੇਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਜਾਣਗੇ। ਉਨ੍ਹਾਂ ਕਿਹਾ ਕਿ ਦੂਸਰੇ ਰਾਜਾਂ ਤੋਂ ਪੰਜਾਬ ਵਿਚ ਆਉਣ ਵਾਲੇ ਪੰਜਾਬੀ ਵੀ ਸਾਡੇ ਹੀ ਭਰਾ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਪਹਿਲਾ ਫਰਜ ਬਣਦਾ ਹੈ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਅਤੇ ਹੋਰ ਬਾਹਰੀ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋਂ ਇਕਾਂਤਵਾਸ ਕੇਂਦਰਾਂ ਵਿਚ ਠਹਿਰਾਇਆ ਗਿਆ ਹੈ ਜਿਥੇ ਸਰਕਾਰ ਵੱਲੋਂ ਹਰ ਪ੍ਰਕਾਰ ਦੀ ਸਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਕਾਂਤਵਾਸ ਕੇਂਦਰਾਂ ਵਿੱਚ ਠਹਿਰੇ ਹੋਏ ਸਾਰੇ ਸ਼ਰਧਾਲੂ ਹੀ ਮਿਲ ਰਹੀਆਂ ਸਹੂਲਤਾਂ ਤੋਂ ਸੰਤੁਸ਼ਟ ਹਨ।
ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਮੈਡੀਕਲ ਐਮਰਜੈਂਸੀ ਲਈ ਪੂਰੀ ਤਰਾਂ ਤਿਆਰ ਹੈ ਅਤੇ ਸਰਕਾਰ ਕੋਲ ਕੋਰੋਨਾ ਨਾਲ ਨਿਪਟਨ ਵਾਲੇ ਸੰਸਾਧਨਾ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੀਪੀਈ ਕਿੱਟਾਂ, ਮਾਸਕ, ਸੈਨੇਟਾਈਜ਼ਰ, ਡਿਸਇਨਫੈਕਟਿਡ ਸਪਰੇਅ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਸੰਸਾਧਨ ਉੱਚਿਤ ਮਾਤਰਾ ਵਿਚ ਉਪਲਬਧ ਹਨ ਅਤੇ ਹਸਪਤਾਲਾਂ ਵਿਚ ਬੈੱਡ ਦੀ ਮਾਤਰਾ ਵਿਚ ਵੀ ਵਾਧਾ ਕੀਤਾ ਗਿਆ ਹੈ।
ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੋਹਰਲੀ ਕਤਾਰ ਵਿੱਚ ਕੰਮ ਕਰ ਰਹੇ ਸਿਹਤ ਵਿਭਾਗ ਦੇ ਡਾਕਟਰਾਂ ਤੇ ਵਰਕਰਾਂ, ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ, ਪੁਲਿਸ ਜਵਾਨਾਂ ਅਤੇ ਉਨ੍ਹਾਂ ਸਾਰੇ ਅਫ਼ਸਰਾਂ ਦੀ ਸ਼ਲਾਘਾ ਕੀਤੀ ਜਿਹੜੇ ਲਗਾਤਾਰ ਕੋਵਿਡ ਖਿਲਾਫ ਲੜਾਈ ਲੜ੍ਹਦੇ ਹੋਏ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਆਪਣੇ ਹੱਥ ਵਾਰ ਵਾਰ ਧੋਣ। ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੂਰੇ ਯੋਜਨਾਬੱਧ ਢੰਗ ਨਾਲ ਕੋਰੋਨਾ ਦੀ ਲੜਾਈ ਲੜ ਰਹੇ ਹਨ ਅਤੇ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਸੂਬਾ ਵਾਸੀਆਂ ਦੇ ਸਹਿਯੋਗ ਸਦਕਾ ਪੰਜਾਬ ਜਲਦ ਹੀ ਕੋਰੋਨਾ ਜੰਗ ਵਿੱਚੋਂ ਜੇਤੂ ਹੋ ਕੇ ਨਿਕਲੇਗਾ।