ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਬਲਕਾਰ ਸਿੰਘ ਨੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ
ਚੰਡੀਗੜ੍ਹ, 1 ਜੂਨ:: ( ਵਿਸ਼ਵ ਵਾਰਤਾ )ਸ. ਬਲਕਾਰ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀਆਂ ਸ੍ਰੀ ਅਮਨ ਅਰੋੜਾ, ਸ੍ਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਸ. ਹਰਭਜਨ ਸਿੰਘ ਈ.ਟੀ.ਓ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਵਜੋਂ ਕਾਰਜਭਾਰ ਸੰਭਾਲ ਲਿਆ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਸ. ਬਲਕਾਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਨਵੀਂ ਜਿੰਮੇਵਾਰੀ ਸੌਂਪਣ ਲਈ ਧੰਨਵਾਦ ਕੀਤਾ। ਅਤੇ ਭਰੋਸਾ ਦਿਵਾਇਆ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਨਵ ਨਿਯੁਕਤ ਕੈਬਨਿਟ ਮੰਤਰੀ ਨੇ ਕਿਹਾ, ‘‘ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਮਾਣ ਵਾਲੀ ਗੱਲ ਹੈ ਅਤੇ ਮੈਂ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੂੰ ਅਤਿ-ਆਧੁਨਿਕ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਾਂਗਾ।‘‘ ਉਨ੍ਹਾਂ ਕਿਹਾ ਕਿ ਅਸੀਂ ਆਮ ਲੋਕ ਹਾਂ ਅਤੇ ਆਮ ਲੋਕਾਂ ਦੀਆਂ ਮੁਸਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਾਡੇ ਸੂਬੇ ਨੂੰ ‘ਰੰਗਲਾ ਪੰਜਾਬ‘ ਬਣਾਉਣ ਲਈ ਪਹਿਲੇ ਦਿਨ ਤੋਂ ਹੀ ਪੂਰੀ ਦ੍ਰਿੜਤਾ ਨਾਲ ਅਣਥੱਕ ਮਿਹਨਤ ਕਰ ਰਹੀ ਹੈ ਅਤੇ ਮੁੱਖ ਮੰਤਰੀ ਯਕੀਨਨ ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲੈ ਆਉਣਗੇ।
ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀਆਂ ਨੇ ਆਸ ਪ੍ਰਗਟਾਈ ਕਿ ਸ. ਬਲਕਾਰ ਸਿੰਘ ਦੀ ਮਿਹਨਤ, ਕੁਸ਼ਲਤਾ ਅਤੇ ਦੂਰਅੰਦੇਸ ਸੋਚ ਨਾਲ ਪੰਜਾਬ ਸੂਬੇ ਅਤੇ ਪੰਜਾਬੀਆਂ ਦਾ ਵਿਕਾਸ ਹੋਵੇਗਾ।
ਇਸ ਮੌਕੇ ਨਵ ਨਿਯੁਕਤ ਮੰਤਰੀ ਦੇ ਪਰਿਵਾਰਕ ਮੈਂਬਰ, ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
——–