ਕੈਪਟਨ ਸੰਦੀਪ ਸੰਧੂ ਨੇ ਦਾਖਾ ਤੋਂ ਦਾਖਿਲ ਕੀਤੇ ਨਾਮਜ਼ਦਗੀ ਪੱਤਰ
ਲੁਧਿਆਣਾ, 27 ਜਨਵਰੀ(ਵਿਸ਼ਵ ਵਾਰਤਾ): ਦਾਖਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ 20 ਫਰਵਰੀ ਨੂੰ ਪੈਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਪੁਨੀਤਾ ਸੰਧੂ ਵੱਲੋਂ ਵੀ ਕਵਰਿੰਗ ਕੈਂਡੀਡੇਟ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।
ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸੰਧੂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਐਸਡੀਐਮ ਦਫਤਰ ਵਿਖੇ ਪੇਪਰ ਦਾਖਲ ਕਰਨ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
ਬਾਅਦ ਵਿੱਚ ਪਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਸੰਧੂ ਨੇ ਕਿਹਾ ਕਿ ਉਹ ਪਾਰਟੀ ਵਲੋਂ ਦਾਖਾ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਦਿੱਤੇ ਗਏ ਇਕ ਹੋਰ ਮੌਕੇ ਲਈ ਧੰਨਵਾਦੀ ਹਨ। ਭਾਵੇਂ ਉਨ੍ਹਾਂ ਕਰੀਬ 2 ਸਾਲ ਮਿਲੇ, ਲੇਕਿਨ ਦਾਖਾ ਦੇ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਕਿੰਨੀ ਇਮਾਨਦਾਰੀ ਨਾਲ ਉਨ੍ਹਾਂ ਲਈ ਕੰਮ ਕੀਤਾ ਹੈ।
ਉਨ੍ਹਾਂ ਨੇ ਦਾਖਾ ਦੇ ਲੋਕਾਂ ਤੇ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਕਿਸੇ ਨਾਲ ਵੀ ਮੁਕਾਬਲਾ ਨਹੀਂ ਸਮਝਦੇ। ਬਲਕਿ ਉਨ੍ਹਾਂ ਦਾ ਕੰਮ ਬੋਲਦਾ ਹੈ, ਜੋ ਬੋਲਦਾ ਰਹੇਗਾ। ਜਦਕਿ ਅਗਲੇ ਪੰਜ ਸਾਲਾਂ ਦੌਰਾਨ ਲੋਕ ਖੁਦ ਦੇਖਣਗੇ ਕਿ ਇਲਾਕਾ ਕਿੰਨਾ ਬਦਲ ਗਿਆ ਹੈ।
ਸੰਧੂ ਨੇ ਕਿਹਾ ਕਿ ਉਹ ਜਲਦੀ ਹੀ ਇਲਾਕੇ ਦੇ ਵਿਕਾਸ ਲਈ ਵਿਗਿਆਨਕ ਸੋਚ ਤੇ ਅਧਾਰਿਤ ਯੋਜਨਾ ਲਿਆਉਣਗੇ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਉਹ ਝੂਠੇ ਵਾਅਦੇ ਤੇ ਦਾਅਵੇ ਨਹੀਂ ਕਰਦੇ ਅਤੇ ਦਾਖਾ ਹਲਕੇ ਦੇ ਲੋਕਾਂ ਨਾਲੋਂ ਵੱਧ ਇਸਨੂੰ ਕੋਈ ਨਹੀਂ ਜਾਣਦਾ।