ਕੈਪਟਨ ਦੇ ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਬਿਆਨ
ਸਿੱਧੂ ਨੇ ਕੈਪਟਨ ਖਿਲਾਫ ਖੋਲ੍ਹਿਆ ਮੋਰਚਾ,ਸ਼ਬਦਾਂ ਦੀ ਭੁੱਲੇ ਮਰਿਆਦਾ ਤੇ ਕੀਤੇ ਨਿੱਜੀ ਹਮਲੇ
ਚੰਡੀਗੜ੍ਹ,3 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਹੀ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਹਾਲਾਂਕਿ ਉਹਨਾਂ ਵੱਲੋਂ ਆਪਣੀ ਅਲੱਗ ਪਾਰਟੀ ਬਣਾਉਣ ਦਾ ਐਲਾਨ ਤਾਂ ਕਈ ਦਿਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕੈਪਟਨ ਖਿਲਾਫ ਖੁੱਲ੍ਹ ਕੇ ਸ਼ਬਦੀ ਹਮਲੇ ਬੋਲੇ । ਸਿੱਧੂ ਨੇ ਕੈਪਟਨ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਦੱਸਦਿਆਂ ਕਿਹਾ ਹੈ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ ਉਹ ਪਹਿਲਾਂ ਕਿੱਥੇ ਸੀ। ਉਸ ਨੇ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਇੰਨੇ ਤੈਸ਼ ‘ਚ ਆ ਗਏ ਕਿ ਉਹ ਸ਼ਬਦਾਂ ਦੀ ਮਰਿਆਦਾ ਹੀ ਭੁੱਲ ਗਏ। ਦਰਅਸਲ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਤੋਂ ਸਵਾਲ ਪੁੱਛਿਆ ਕਿ ਕੈਪਟਨ ਤੁਹਾਡੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ?
ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਰੋਂਦੂ ਬੱਚਾ ਬਣ ਗਿਆ ਹੈ। ਜਿਵੇਂ-ਜਿਵੇਂ ਬੰਦੇ ਦੀ ਉਮਰ ਵੱਧਦੀ ਹੈ ਉਵੇਂ ਉਵੇਂ ਉਹ ਬੱਚਾ ਬਣਦਾ ਜਾਂਦਾ ਹੈ, ਇਸੇ ਤਰ੍ਹਾਂ ਹੁਣ ਕੈਪਟਨ ਰੋਂਦੂ ਬੱਚਾ ਬਣ ਗਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖ਼ਿਲਾਫ਼ ਚੋਣ ਲੜਨ ਦੀ ਗੱਲ ਕਰ ਰਿਹਾ ਹੈ ਪਰ ਉਸ ਦਾ ਸਾਥ ਤਾਂ ਉਸ ਦੀ ਪਤਨੀ ਨੇ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨਾਲ ਇਕ ਕੌਂਸਲਰ ਤਕ ਵੀ ਨਾਲ ਨਹੀਂ ਖੜ੍ਹਾ ਹੋਇਆ। ਇਸ ਤੋਂ ਇਲਾਵਾ ਵੀ ਸਿੱਧੂ ਨੇ ਕੈਪਟਨ ਖਿਲਾਫ ਰੱਜ ਕੇ ਭੜਾਸ ਕੱਢੀ । ਪਰ,ਸਿੱਧੂ ਵੱਲੋਂ ਵਰਤੀ ਗਈ ਭਾਸ਼ਾ ਦੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਵੀ ਨਿਖੇਧੀ ਕੀਤੀ ਗਈ ਹੈ।