ਪਟਿਆਲਾ ਤੋਂ ਪਨਿਆਲੀ ਤੱਕ ਨਵੇਂ ਕੌਮੀ ਮਾਰਗ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਣ ਦਾ ਪ੍ਰਸਤਾਵ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜਿਆ
ਸ਼ਹੀਦੀ ਸਭਾ ਦੌਰਾਨ ਮੁੱਖ ਮੰਤਰੀ ਸ੍ਰੀ ਫਤਹਿਗੜ ਸਾਹਿਬ ਵਿਖੇ ਨਤਸਮਤਕ ਹੋਏ
ਫਤਹਿਗੜ ਸਾਹਿਬ, 26 ਦਸੰਬਰ( ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਤਹਿਗੜ ਸਾਹਿਬ ਸਬ-ਡਿਵੀਜ਼ਨ ਦੇ 55 ਪਿੰਡਾਂ ’ਤੇ ਅਧਾਰਿਤ ਚਨਾਰਥਲ ਨੂੰ ਨਵੀਂ ਸਬ-ਤਹਿਸੀਲ ਬਣਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਪਟਿਆਲਾ ਤੋਂ ਪਨਿਆਲੀ ਤੱਕ ਨਵੇਂ ਕੌਮੀ ਮਾਰਗ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਣ ਦਾ ਪ੍ਰਸਤਾਵ ਵੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜਿਆ ਦਿੱਤਾ ਗਿਆ ਹੈ।
ਮੁੱਖ ਮੰਤਰੀ ਅੱਜ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਉਨਾਂ ਦੀ ਮਾਤਾ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ਼ਹੀਦੀ ਸਭਾ ਮੌਕੇ ਨਤਮਸਤਕ ਹੋਣ ਲਈ ਆਏ ਸਨ। ਉਨਾਂ ਨੇ ਸਰਹਿੰਦ ਵਿੱਚ ਨਵਾਂ ਬੱਸ ਅੱਡਾ ਬਣਾਉਣ ਦਾ ਵੀ ਐਲਾਨ ਕੀਤਾ ਜਿਸ ਦਾ ਨਿਰਮਾਣ ਪੀ.ਆਰ.ਟੀ.ਸੀ. ਵੱਲੋਂ ਕੀਤਾ ਜਾਵੇਗਾ।
ਫਤਹਿਗੜ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੇ ਮੁਗਲ ਹਕੂਮਤ ਦੇ ਜਬਰ-ਜ਼ੁਲਮ ਖਿਲਾਫ਼ ਆਪਣਾ ਬਲਿਦਾਨ ਦਿੱਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਫਤਹਿਗੜ ਸਾਹਿਬ ਸ਼ਹਿਰ ਵਿੱਚ ਸਰਹਿੰਦ ਚੋਅ ਦੇ ਕਿਨਾਰੇ ਪੱਕੇ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ ਅਤੇ ਇਸ ਲਈ 5.71 ਕਰੋੜ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਬਾਰੇ ਸੂਬਾ ਸਰਕਾਰ ਨੇ ਰੇਲਵੇ ਮੰਤਰਾਲੇ ਨਾਲ ਮਾਮੂਲੀ ਜਿਹੇ ਮਸਲੇ ਨੂੰ ਹੱਲ ਕਰ ਲਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਨੇ ਫਤਹਿਗੜ ਸਾਹਿਬ-ਸਰਹਿੰਦ ਖੇਤਰ ਵਿੱਚ ਸੈਰ ਸਪਾਟੇ ਦੀਆਂ ਇਤਿਹਾਸਕ ਥਾਵਾਂ ਦੇ ਵਿਕਾਸ ਦੇ ਨਾਲ-ਨਾਲ ਇਸ ਦੇ ਸੁੰਦਰੀਕਰਨ ਲਈ ਇਕ ਵਿਸ਼ੇਸ਼ ਯੋਜਨਾ ਵੀ ਤਿਆਰ ਕੀਤੀ ਹੈ।
ਪਟਿਆਲਾ ਤੋਂ ਪਨਿਆਲੀ ਤੱਕ (ਰੋਪੜ-ਫਗਵਾੜਾ ਰੋਡ ’ਤੇ) ਵਾਇਆ ਸਰਹਿੰਦ-ਫਤਹਿਗੜ ਸਾਹਿਬ-ਬੱਸੀ ਪਠਾਣਾ-ਮੋਰਿੰਡਾ ਜਾਣ ਵਾਲੇ ਨਵੇਂ ਕੌਮੀ ਮਾਰਗ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਾਰੇ ਤਜਵੀਜ਼ ਨੈਸ਼ਨਲ ਹਾਈਵੇ ਅਥਾਰਟੀ ਨੂੰ ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ।
ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਿਆਸੀ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਹ ਅੱਜ ਇੱਥੇ ਸਿਰਫ ਦਸਮ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਉਨਾਂ ਦੀ ਮਾਤਾ ਜੀ ਦੀ ਯਾਦ ਵਿੱਚ ਸ਼ਰਧਾ ਤੇ ਸਤਿਕਾਰ ਭੇਟ ਕਰਨ ਆਏ ਹਨ।
ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਸਿਰੋਪਾਓ ਬਖਸ਼ਿਸ਼ ਕੀਤਾ। ਮੁੱਖ ਮੰਤਰੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਕਾਲ ਪੁਰਖ ਦੇ ਚਰਨਾਂ ’ਚ ਕੀਤੀ ਅਰਦਾਸ ਲਈ ਹੈਡ ਗ੍ਰੰਥੀ ਦਾ ਧੰਨਵਾਦ ਕੀਤਾ।
ਇਸ ਮੌਕੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ, ਨਵਾਂ ਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ, ਬਲਾਚੌਰ ਤੋਂ ਵਿਧਾਇਕ ਚੌਧਰੀ ਬਲਬੀਰ ਲਾਲ, ਲੁਧਿਆਣਾ ਉੱਤਰੀ ਤੋਂ ਵਿਧਾਇਕ ਰਾਕੇਸ਼ ਕੁਮਾਰ ਪਾਂਡੇ, ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ, ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ, ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਵੀ ਹਾਜ਼ਰ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਮੁੱਖ ਮੰਤਰੀ ਨੂੰੰ ਇਕ ਯਾਦ ਪੱਤਰ ਵੀ ਦਿੱਤਾ।