ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਨੇ ਕਾਂਗਰਸ ਵਿੱਚ ਲਿਆਂਦਾ ਭੂਚਾਲ
ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਹੋਈ ਮੁਲਾਕਾਤ ਤੋਂ ਬਾਅਦ ਮੱਚੀ ਹਲਚਲ
ਗਾਂਧੀ ਪਰਿਵਾਰ ਦੀ ਸਰਦਾਰੀ ਤੇ ਕਈ ਦਿੱਗਜ ਕਾਂਗਰਸੀ ਲੀਡਰਾਂ ਨੇ ਉਠਾਏ ਸਵਾਲ
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਦੇ ਦਿੱਤੇ ਸੰਕੇਤ
ਸੀਨੀਅਰ ਕਾਂਗਰਸੀ ਲੀਡਰਾਂ ਵੱਲੋਂ ਅਮਰਿੰਦਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ
ਚੰਡੀਗੜ੍ਹ,30 ਸਤੰਬਰ(ਵਿਸ਼ਵ ਵਾਰਤਾ/ਬਰਿੰਦਰ ਪਨੂੰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 2 ਦਿਨ ਪਹਿਲਾਂ ਸ਼ੁਰੂ ਹੋਈ ਦਿੱਲੀ ਫੇਰੀ ਨੇ ਪੰਜਾਬ ਤੋਂ ਬਾਅਦ ਹੁਣ ਕੌਮੀ ਕਾਂਗਰਸ ਵਿੱਚ ਭੂਚਾਲ ਲਿਆ ਦਿੱਤਾ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਗੱਲਬਾਤ ਅਤੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਅੱਜ ਹੋਈ ਮੁਲਾਕਾਤ ਤੋਂ ਬਾਅਦ ਪੰਜਾਬ ਅਤੇ ਕੌਮੀ ਸਿਆਸਤ ਵਿੱਚ ਇੱਕ ਹਲਚਲ ਜਿਹੀ ਮਚਾ ਦਿੱਤੀ ਹੈ।ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਜੋਰਾਂ ਤੋ ਹਨ,ਉੱਥੇ ਕਾਂਗਰਸ ਉੱਤੇ ਕਾਬਜ਼ ਸੋਨੀਆ ਗਾਂਧੀ ,ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਲੀਡਰਸ਼ਿਪ ਉੱਤੇ ਵੀ ਕਾਂਗਰਸ ਦੇ ਹੀ ਸੀਨੀਅਰ ਲੀਡਰਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ,ਉੱਥੇ ਕਈ ਲੀਡਰਾਂ ਨੇ ਤਾਂ ਇਸ ਮਸਲੇ ਉੱਤੇ ਤੁਰੰਤ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਜ਼ੋਰਦਾਰ ਮੰਗ ਕਰ ਦਿੱਤੀ ਹੈ।
ਇਸ ਦੌਰਾਨ ਹੀ ਅੱਜ ਦੁਪਹਿਰੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੀ ਕਾਂਗਰਸ ਛੱਡਣ ਦਾ ਸੰਕੇਤ ਦੇ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਕਿ ਹੁਣ ਕਾਂਗਰਸ ਹਾਈਕਮਾਨ ਨੂੰ ਉਹਨਾਂ ਉੱਤੇ ਭਰੋਸਾ ਹੀ ਨਹੀਂ ਰਿਹਾ ਹੈ ਤਾਂ ਫਿਰ ਪਾਰਟੀ ਵਿੱਚ ਰਹਿਣ ਦਾ ਕੀ ਫਾਇਦਾ ਹੈ। ਉਹਨਾਂ ਨੇ ਕਿਹਾ ਕਿ ਅੱਜ ਤੱਕ ਤਾਂ ਉਹ ਕਾਂਗਰਸ ਵਿੱਚ ਹਨ ਪਰ ਉਹ ਹੁਣ ਨਹੀਂ ਰਹਿਣਗੇ ਛੇਤੀ ਹੀ ਉਹ ਕਾਂਗਰਸ ਤੋਂ ਅਸਤੀਫਾ ਦੇ ਰਹੇ ਹਨ। ਪਰ ਨਾਲ ਹੀ ਉਹਨਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉਹਨਾਂ ਮੰਨਿਆ ਕਿ ਉਹਨਾਂ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਅਤੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਦਾ ਗ੍ਰਾਫ ਹੇਠਾਂ ਆਇਆ ਹੈ।
ਕਾਂਗਰਸ ਹਾਈਕਮਾਨ ਦੇ ਨਜ਼ਦੀਕੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀ ਗਿਣੇ ਜਾਂਦੇ ਕਾਂਗਰਸ ਦੇ ਸੀਨੀਅਰ ਲੀਡਰਾਂ ਵੱਲੋਂ ਕੈਪਟਨ ਨੂੰ ਕਾਂਗਰਸ ਨਾ ਛੱਡਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਵਿੱਚ ਪ੍ਰਮੁੱਖ ਤੌਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਅਤੇ ਅੰਬਿਕਾ ਸੋਨੀ ਦਾ ਨਾਮ ਵਰਨਣਯੋਗ ਹਨ। ਇਹ ਆਗੂ ਗਾਂਧੀ ਪਰਿਵਾਰ ਦੇ ਵੀ ਅਤਿਅੰਤ ਭਰੋਸੇਯੋਗ ਹਨ। ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਤੋਂ ਬਾਅਦ ਪੈਦਾ ਹੋਈ ਸਿਆਸੀ ਹਲਚਲ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ।