ਕੈਪਟਨ ਅਮਰਿੰਦਰ ਸਿੰਘ ਕਿਸਾਨੀ ਮੁੱਦੇ ਨੂੰ ਲੈ ਕੇ ਦੋਗਲੀ ਗੇਮ ਖੇਡ ਰਹੇ ਹਨ
ਹੁਣ ਭਾਜਪਾ ਨੂੰ ਪਹਿਲਾਂ ਜਿੱਤੀਆਂ 23 ਸੀਟਾਂ ਵਿਚੋਂ ਇਕ ਵੀ ਸੀਟ ਨਹੀ ਮਿਲੇਗੀ
ਕਾਂਗਰਸੀ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਹੋਣਗੀਆਂ : ਸੁਖਬੀਰ ਸਿੰਘ ਬਾਦਲ
ਫਿਰੋਜ਼ਪੁਰ, 22 ਨਵੰਬਰ (ਕੁਮਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦੇ ਨਿਵਾਸ ‘ਤੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਦੋਸ਼ ਲਗਾਇਆ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਗਲੀ ਗੇਮ ਖੇਡ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਅੰਦਰ ਖਾਤੇ ਇਕ ਹੀ ਗੱਲ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਦੋਗਲੀ ਗੇਮ ਖੇਡੀ ਸੀ, ਉਹੀ ਗੇਮ ਉਹ ਕਿਸਾਨਾ ਨਾਲ ਖੇਡ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ ਨਹੀ ਰਹੀ ਅਤੇ ਤਰ੍ਹਾਂ ਤਰ੍ਹਾਂ ਦੇ ਮਾਫੀਆ ਪੰਜਾਬ ਵਿਚ ਸਰਗਰਮ ਹਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਸੁਖਬੀਰ ਸੰਘ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਕਾਂਗਰਸੀ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਵਿਸ਼ਵਾਸ਼ ਪੂਰੀ ਤਰ੍ਹਾਂ ਉੱਠ ਚੁੱਕਿਆ ਹੈ। ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਵੱਲੋਂ ਪੁਛੇ ਜਾਣ ‘ਤੇ ਕਿ ਭਾਜਪਾ ਵੱਲੋਂ ਕਾਂਗਰਸੀ ਤੇ ਅਕਾਲੀ ਦੇ ਕਈ ਵਿਧਾਇਕਾਂ ਨੂੰ ਭਾਜਪਾbਵਿਚ ਸ਼ਾਮਲ ਕਰਨ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਸਦੇ ਸ਼੍ਰੋਮਣੀ ਅਕਾਲੀ ਦਲ ਦੀ ਕੀ ਪ੍ਰਤੀਕਿਰਿਆ ਹੈ? ਤਾਂ ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਆਪਣੀਆਂ ਜਿੱਤੀਆਂ ਹੋਈਆਂ 23 ਸੀਟਾਂ ਬਚਾ ਲਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਵੀ ਵਿਧਾਇਕ ਭਾਜਪਾ ਦੇ ਨਾਲ ਨਹੀ ਮਿਲੇਗਾ ਅਤੇ ਇਸ ਵਾਰ ਭਾਜਪਾ ਨੂੰ ਪੰਜਾਬ ਵਿਧਾਨ ਸਭਾ ਚੋਣਾ ਵਿਚ ਆਪਣੀ ਔਕਾਤ ਦਾ ਪਤਾ ਚੱਲ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਨਾਲ ਪਿਛਲੀ ਵਾਰ 23 ਸੀਟਾਂ ਜਿੱਤ ਸਕੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜਣ ਦਾ ਜੋ ਐਲਾਨ ਕਰ ਚੁੱਕੀ ਹੈ, ਅਸੀ ਉਸਦਾ ਸਵਾਗਤ ਕਰਦੇ ਹਾਂ ਅਤੇ ਚੋਣ ਲੜਨਾ ਉਨ੍ਹਾਂ ਦਾ ਹੱਕ ਹੈ, ਪਰ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਭਾਜਪਾ ਦੇ ਆਗੂਆਂ ਨੂੰ ਆਪਣੀ ਔਕਾਤ ਦਾ ਪਤਾ ਚੱਲ ਜਾਵੇਗਾ। ਇਕ ਪ੍ਰਸ਼ਨ ਦਾ ਉਤਰ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਕਿਸੇ ਵੀ ਹਾਲਤ ਵਿਚ ਹੁਣ ਗੱਠਜੋੜ ਨਹੀ ਹੋ ਸਕਦਾ। ਉਨ੍ਹਾਂ ਕਿਹਾ ਕਿ ਅਸੀਂ ਸਿਧਾਂਤਾਂ ਤੇ ਵਿਸ਼ਵਾਸ਼ ਕਰਦੇ ਹਾਂ ਅਤੇ ਕਿਸੇ ਵੀ ਹਾਲਤ ਵਿਚ ਆਪਣੇ ਸਿਧਾਂਤਾਂ ਨੂੰ ਛੱਡ ਨਹੀ ਸਕਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ “ਗਿਵ ਐਂਡ ਟੇਕ” ਵਾਲੀ ਪਾਲਸੀ ‘ਤੇ ਵਿਸ਼ਵਾਸ਼ ਨਹੀ ਕਰਦਾ ਅਤੇ ਕਿਸਾਨਾ ਤੇ ਪੰਜਾਬ ਦੇ ਹਿੱਤਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਨਮੇਜਾ ਸਿੰਘ ਸੇਖੋ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਪਿਆਰ ਕਰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਪੰਜਾਬ ਵਿਧਾਨ ਸਭਾ ਚੋਣਾ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਡ ਸਪੱਸ਼ਟ ਕਰਦੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾ ਦੇ ਨਾਲ ਹਾਂ ਅਤੇ ਕਿਸਾਨ ਸੰਗਠਨ ਜੋ ਵੀ ਡਿਊਟੀ ਲਗਾਉਣਗੇ, ਸ਼੍ਰੋਮਣੀ ਅਕਾਲੀ ਦਲ ਉਸ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਸਾਡਾ ਵੀ ਇਕ ਹੀ ਸਟੈਂਡ ਹੈ ਕਿ ਮੋਦੀ ਸਰਕਾਰ ਬਣਾਏ ਗਏ ਕਾਲੇ ਕਾਨੂੰਨਾ ਨੂੰ ਵਾਪਸ ਲੈਣ ਅਤੇ ਕਿਸਾਨਾ ਦੇ ਹਿੱਤਾਂ ਦੇ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸੱਚਮੁੱਚ ਵਿਚ ਕਿਸਾਨਾ ਦੇ ਨਾਲ ਹਨ ਤਾਂ ਉਨ੍ਹਾਂ ਨੂੰ ਦਿੱਲੀ ਵਿਚ ਜਾ ਕੇ ਧਰਨਾ ਦੇਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਦੇ ਖਿਲਾਫ ਇਨ੍ਹਾਂ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨਾ ਨਾਲ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਿਰੋਜਪੁਰ ਵਿਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਾ ਨਿਰਮਾਨ ਜਲਦ ਸ਼ੁਰੂ ਹੋਵੇਗਾ ਅਤੇ ਨਿਰਮਾਨ ਸ਼ੁਰੂ ਕਰਵਾਉਣ ਨੂੰ ਲੈ ਕੇ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ 13 ਅਪ੍ਰੈਲ ਦੇ ਆਸ ਪਾਸ ਪੀ.ਜੀ.ਆਈ. ਦਾ ਨਿਰਮਾਨ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ, ਪ੍ਰੀਤਮ ਸਿੰਘ ਮਲਸੀਆਂ ਤੇ ਰੋਹਿਤ ਕੁਮਾਰ ਮੋਂਟੂ ਵੋਹਰਾ ਆਦਿ ਵੀ ਮੋਜੂਦ ਸਨ।