ਚੰਡੀਗੜ, 17 ਅਪ੍ਰੈਲ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿੱਤ ਵਿਭਾਗ ਨੂੰ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਅਜਾਇਬ ਘਰ ਨੂੰ ਮੁਕੰਮਲ ਕਰਨ ਲਈ ਬਜਟ ਵਿੱਚ ਪ੍ਰਵਾਨ ਕੀਤੀ ਜਾ ਚੁੱਕੀ 8 ਕਰੋੜ ਰੁਪਏ ਦੀ ਗ੍ਰਾਂਟ ਤੁਰੰਤ ਜਾਰੀ ਕਰਨ ਦੀ ਹਦਾਇਤ ਕੀਤੀ ਹੈ।
ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਜੰਗੀ ਯਾਦਗਾਰ ਤੇ ਅਜਾਇਬ ਘਰ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਨਿਰਦੇਸ਼ ਦਿੱਤੇ।
ਇਸ ਉੱਚ ਦਰਜੇ ਦੀ ਯਾਦਗਾਰ ਦੇ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਯਾਦਗਾਰ ਦੀਆਂ ਗੈਲਰੀਆਂ ਨੂੰ ਵੱਖ-ਵੱਖ ਭਾਗਾਂ ਵਜੋਂ ਸਮਰਪਿਤ ਕੀਤਾ ਜਾਵੇ ਜੋ ਪੰਜਾਬੀਆਂ ਵੱਲੋਂ ਲੜੀਆਂ ਵੱਖ ਵੱਖ ਇਤਿਹਾਸਕ ਜੰਗਾਂ ਦੀ ਨੁਮਾਇੰਦਗੀ ਕਰਦੀਆਂ ਹੋਣ ਤਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਉਨਾ ਦੇ ਸ਼ਾਨਦਾਰ ਫੌਜੀ ਪਿਛੋਕੜ ਨਾਲ ਜੋੜਿਆ ਜਾ ਸਕੇ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਵਿੱਖ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਆਪਣੇ ਅਮੀਰ ਵਿਰਸੇ ਬਾਰੇ ਨੌਜਵਾਨਾਂ ਨੂੰ ਜਾਣੂੰ ਕਰਵਾਉਣਾ ਹੀ ਇਕੋ ਇਕ ਰਾਹ ਹੈ। ਉਨਾ ਕਿਹਾ ਕਿ ਇਹ ਯਾਦਗਾਰ ਸਾਡੀ ਨੌਜਵਾਨ ਪੀੜੀ ਨੂੰ ਦੇਸ਼ ਭਗਤੀ ਤੇ ਰਾਸ਼ਟਰਵਾਦ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰੇਗੀ। ਉਨਾ ਕਿਹਾ ਕਿ ਇੱਕ ਫੌਜੀ ਇਤਿਹਾਸਕਾਰ ਹੋਣ ਦੇ ਨਾਤੇ ਉਹ ਅਜਿਹੀਆਂ ਯਾਦਗਾਰਾਂ ਦੀ ਅਹਿਮੀਅਤ ਨੂੰ ਚੰਗੀ ਤਰਾਂ ਸਮਝ ਸਕਦੇ ਹਨ।
ਭਵਿੱਖ ਵਿੱਚ ਇਸ ਯਾਦਗਾਰ ਨੂੰ ਵਿੱਤੀ ਤੌਰ ‘ਤੇ ਸਵੈ-ਨਿਰਭਰ ਬਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ-ਸਪਾਟਾ ਵਿਭਾਗ ਨੂੰ ਅਜਿਹੇ ਮੌਕੇ ਤਲਾਸ਼ਣ ਲਈ ਆਖਿਆ ਤਾਂ ਕਿ ਇਸ ਵਿਸ਼ਵ ਪੱਧਰੀ ਯਾਦਗਾਰ ਦੀ ਸਾਂਭ-ਸੰਭਾਲ ‘ਤੇ ਕਿਸੇ ਕਿਸਮ ਦਾ ਕੋਈ ਪ੍ਰਭਾਵ ਨਾ ਪਵੇ। ਉਨਾਂ ਨੇ ਵਿਭਾਗ ਨੂੰ ਅੰਦਰੂਨੀ ਸਥਾਨ ਦੇ ਦੁਆਲੇ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਕਰਨ ਲਈ ਇਕ ਵਿਸਥਾਰਤ ਤਜਵੀਜ਼ ਸੌਂਪਣ ਲਈ ਆਖਿਆ ਜੋ ਵਾਹਘਾ ਵਿਖੇ ਹੁੰਦੇ ਸ਼ਾਮ ਦੇ ਸਮਾਗਮ ਨੂੰ ਦੇਖਣ ਤੋਂ ਬਾਅਦ ਵਾਪਸ ਆਉਂਦੇ ਸੈਲਾਨੀਆਂ ਲਈ ਮੁੱਖ ਆਕਰਸ਼ਨ ਦਾ ਕੇਂਦਰ ਬਣੇਗਾ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਪੁਲ ਦੀ ਸਮਰਥਾ 400-500 ਵਿਅਕਤੀਆਂ ਦੀ ਹੈ ਅਤੇ ਅਜਾਇਬ ਘਰ ਦੀਆਂ ਕੰਧਾਂ ਨੂੰ ਸਕਰੀਨਾਂ ਲਈ ਵਰਤਿਆ ਜਾ ਸਕਦਾ ਹੈ। ਇਸ ਪ੍ਰਾਜੈਕਟ ਨੂੰ ਜਨਤਕ-ਨਿੱਜੀ ਭਾਈਵਾਲੀ ਰਾਹੀਂ ਅਮਲ ‘ਚ ਲਿਆਂਦਾ ਜਾਵੇਗਾ ਜਿਸ ਉਪਰ ਅਨੁਮਾਨਿਤ 10 ਤੋਂ 12 ਕਰੋੜ ਰੁਪਏ ਖਰਚ ਹੋਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਸੈਰ-ਸਪਾਟਾ ਵਿਭਾਗ ਨੂੰ ਪ੍ਰਮੁੱਖ ਸਕੱਤਰ ਵਿੱਤ ਵੱਲੋਂ ਸੈਲਾਨੀਆਂ ਲਈ ਵਿਸ਼ੇਸ਼ ਤੌਰ ‘ਤੇ ਇਕ ਸਮਰਪਿਤ ਕਾਰਡ ਸ਼ੁਰੂ ਕਰਨ ਲਈ ਰੱਖੀ ਤਜਵੀਜ਼ ‘ਤੇ ਗੌਰ ਕਰਨ ਲਈ ਆਖਿਆ ਜਿਸ ਨਾਲ ਸੈਲਾਨੀਆਂ ਨੂੰ ਸਾਰੀਆਂ ਇਤਿਹਾਸਕ ਥਾਵਾਂ ਬਿਨਾਂ ਕਿਸੇ ਔਕੜ ਤੋਂ ਦੇਖਣ ਦਾ ਮੌਕਾ ਹਾਸਲ ਹੋਵੇਗਾ। ਉਨਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਵਿਖੇ ਆਉਂਦੇ ਹਨ ਜਿਨਾਂ ਦੀ ਇਤਿਹਾਸਕ ਤੇ ਸੱਭਿਆਚਾਰਕ ਤੌਰ ‘ਤੇ ਮਹੱਤਤਾ ਰੱਖਦੀਆਂ ਥਾਵਾਂ ‘ਤੇ ਜਾਣ ਵਿੱਚ ਵੀ ਇੱਛਾ ਹੁੰਦੀ ਹੈ।
ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਨੇ ਸੁਝਾਅ ਦਿੱਤਾ ਕਿ ਸੈਲਾਨੀਆਂ ਨੂੰ ਜੰਗੀ ਯਾਦਗਾਰ ਤੇ ਅਜਾਇਬ ਘਰ ਪ੍ਰਤੀ ਆਕਰਸ਼ਿਤ ਕਰਨ ਵਾਸਤੇ ਇਸ ਨੂੰ ਕੈਫੇਟੇਰੀਆ, ਸੋਵੀਨਰ ਸ਼ੌਪ, ਫੂਡ ਕੋਰਟ ਵਰਗੀਆਂ ਸਹੂਲਤਾਂ ਨਾਲ ਵਿਕਸਤ ਕਰਨਾ ਚਾਹੀਦਾ ਹੈ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਬ੍ਰਿਗੇਡੀਅਰ (ਸੇਵਾ ਮੁਕਤ) ਜੇ.ਐਸ. ਅਰੋੜਾ ਅਤੇ ਜੰਗੀ ਯਾਦਗਾਰ ਤੇ ਅਜਾਇਬ ਘਰ ਦੇ ਜਨਰਲ ਮੈਨੇਜਰ ਲੈਫਟੀਨੈਂਟ ਕਰਨਲ (ਸੇਵਾ ਮੁਕਤ) ਐਚ.ਪੀ. ਸਿੰਘ ਹਾਜ਼ਰ ਸਨ।
ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ
ਇੰਜੀਨੀਅਰ-ਇਨ-ਚੀਫ਼ ਸ. ਗੁਰਦੀਪ ਸਿੰਘ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਵਿਦਾਇਗੀ ਪਾਰਟੀ --- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ...