ਕੈਪਟਨ ਅਮਰਿੰਦਰ ਨੇ ਹਲਕਾ ਸਨੌਰ ਦੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਅਹੁੱਦੇਦਾਰਾਂ ਤੇ ਵਰਕਰਾਂ ਨੂੰ ਦਿੱਤੀ ਥਾਪੜਾ
ਬਿਕਰਮ ਚਹਿਲ ਦੇ ਚੋਣ ਪ੍ਰਚਾਰ ਦੀ ਪਾਰਟੀ ਵਰਕਰਾਂ ਨੇ ਸੰਭਾਲੀ ਕਮਾਂਡ
ਸਨੌਰ (ਪਟਿਆਲਾ), 4 ਫਰਵਰੀ (ਵਿਸ਼ਵ ਵਾਰਤਾ)-ਪੰਜਾਬ ਲੋਕ ਕਾਂਗਰਸ ਪਾਰਟੀ ਦੇ ਮੁੱਖੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਸਨੌਰ ਦੇ ਪਾਰਟੀ ਦੇ ਅਹੁੱਦੇਦਾਰਾਂ ਅਤੇ ਵਰਕਰਾਂ ਨੂੰ ਮਜ਼ਬੂਤੀ ਨਾਲ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਜਿਤਾਉਣ ਲਈ ਥਾਪੜਾ ਦਿੱਤੀ। ਪਾਰਟੀ ਅਹੁੱਦੇਦਾਰਾਂ ਤੇ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੱਲਾਸ਼ੇਰੀ ਮਿਲਣ ਤੋਂ ਬਾਅਦ ਸਨੌਰ ਹਲਕੇ ਦੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੀ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈ ਲਈ। ਵੱਖ ਵੱਖ ਟੀਮਾਂ ਬਣਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਨੌਰ ਹਲਕੇ ਵਿੱਚ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬਿਕਰਮਜੀਤ ਇੰਦਰ ਸਿੰਘ ਚਹਿਲ ਦੇ ਹੱਕ ਵਿੱਚ ਪੂਰੀ ਹਨ੍ਹੇਰੀ ਚੱਲ ਰਹੀ ਹੈ। ਘਰ-ਘਰ ਜਾ ਕੇ ਪ੍ਰਚਾਰ ਕਰ ਰਹੀਆਂ ਪੰਜਾਬ ਲੋਕ ਕਾਂਗਰਸ ਦੀਆਂ ਟੀਮਾਂ ਨੂੰ ਲੋਕਾਂ ਵੱਲੋਂ ਮਿਲ ਰਿਹਾ ਹੁੰਗਾਰਾ ਸਿੱਧ ਕਰਦਾ ਹੈ ਕਿ ਬਿਕਰਮ ਚਹਿਲ ਦੀ ਜਿੱਤ ਯਕੀਨੀ ਹੈ। ਹਲਕੇ ਦੇ ਲੋਕ ਆਪਣੇ ਖੇਤਰ ਦੇ ਵਿਕਾਸ ਲਈ ਪੜ੍ਹੇ ਲਿਖੇ, ਸਮਾਜ ਸੇਵੀ ਤੇ ਇਮਾਨਦਾਰ ਉਮੀਦਵਾਰ ਬਿਕਰਮ ਚਹਿਲ ਨਾਲ ਜੁੜ ਰਹੇ ਹਨ। ਲੋਕਾਂ ਵੱਲੋਂ ਆਪ ਮੁਹਾਰੇ ਚਲਾਈ ਜਾ ਰਹੀ ਚੋਣ ਪ੍ਰਚਾਰ ਮੁਹਿੰਮ ਸਪੱਸ਼ਟ ਕਰਦੀ ਹੈ ਕਿ ਬਿਕਰਮ ਚਹਿਲ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ।