ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸੀ ਸਰਗਰਮੀਆਂ ਤੇਜ਼
ਮੰਡੀਆਂ ’ਚ ਰੁਲ਼ ਰਹੇ ਝੋਨੇ ਦਾ ਹਾਲ ਜਾਨਣ ਲਈ ਪਹੁੰਚੇ ਖੰਨਾ ਅਨਾਜ਼ ਮੰਡੀ
ਕਿਸਾਨਾਂ, ਮਿੱਲਰਾਂ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਦਿੱਤਾ ਭਰੋਸਾ
ਚੰਡੀਗੜ੍ਹ, 25ਅਕਤੂਬਰ(ਵਿਸ਼ਵ ਵਾਰਤਾ) ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਪੰਜਾਬ ਵਿੱਚ ਝੋਨੇ ਦੀ ਸੁਸਤ ਖਰੀਦ ਦੇ ਵਿਰੋਧ ਵਿੱਚ ਅੱਜ ਮੁੱਖ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ਵਿੱਚ ਕੋਈ ਸੁਧਾਰ ਨਹੀਂ ਹੋਇਆ। ਕਿਸਾਨਾਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਦੀਆਂ ਮੁੱਖ ਸੜਕਾਂ ਨੂੰ 4 ਘੰਟੇ ਲਈ ਜਾਮ ਕਰ ਦਿੱਤਾ ਹੈ।
ਕਿਸਾਨਾਂ ਦੇ ਇਸ ਧਰਨੇ ਦੇ ਚਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਕਰੀਬਨ 3 ਸਾਲਾਂ ਬਾਅਦ ਸੂਬੇ ਦੀ ਸਿਆਸਤ ਵਿਚ ਮੁੜ ਸਰਗਰਮ ਹੋਏ ਹਨ। ਅੱਜ ਉਹ ਖੰਨਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿਚ ਆ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਦੇ ਨਾਲ ਫ਼ਤਿਹਜੰਗ ਬਾਜਵਾ, ਜੈ ਇੰਦਰ ਕੌਰ ਵੀ ਮੌਜੂਦ ਰਹੇ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ, ਮਿੱਲਰਾਂ ਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਲੈ ਕੇ ਕੇਂਦਰ ਸਰਕਾਰ ਕੋਲ ਜਾਣਗੇ ਤੇ ਜੋ ਵੀ ਮਸਲਾ ਹੈ ਉਸ ਨੂੰ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਪ੍ਰਧਾਨ ਮੰਤਰੀ ਇਸ ਵੇਲੇ ਵਿਦੇਸ਼ ਵਿਚ ਹਨ, ਜਦੋਂ ਉਹ ਵਾਪਸ ਪਰਤਣਗੇ ਤਾਂ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਸਾਰੀਆਂ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਮੌਜੂਦਾ ਸੀਜ਼ਨ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ 44 ਹਜ਼ਾਰ ਕਰੋੜ ਰੁਪਏ ਦੇ ਚੁੱਕੀ ਹੈ। ਜੇ ਪੰਜਾਬ ਸਰਕਾਰ ਨੂੰ ਹੋਰ ਪੈਸਿਆਂ ਦੀ ਲੋੜ ਹੈ ਤਾਂ ਅਸੀਂ ਜ਼ਰੂਰ ਕੇਂਦਰ ਕੋਲ ਜਾਵਾਂਗੇ।