ਲੁਧਿਆਣਾਃ 30 ਅਪ੍ਰੈਲ( ਵਿਸ਼ਵ ਵਾਰਤਾ)-ਪਿਛਲੇ 40 ਸਾਲ ਤੋਂ ਕੈਨੇਡਾ ਵਿੱਚ ਰੇਡੀਓ ਪ੍ਰਸਾਰਨ ਦੇ ਪ੍ਰਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਅੱਜ ਗੁਰਦੇਵ ਨਗਰ ਵਿਖੇ ਸ. ਜਗਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਸਮਾਰੋਹ ਮੌਕੇ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਦਾਨ ਕਰਨ ਦੀ ਰਸਮ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਅਮਰਿੰਦਰ ਸਿੰਘ ਜੱਸੋਵਾਲ ਜਨਰਲ ਸਕੱਤਰ,ਸਰਪ੍ਰਸਤਾਂ ਸ. ਪਰਗਟ ਸਿੰਘ ਗਰੇਵਾਲ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕ੍ਰਿਸ਼ਨ ਕੁਮਾਰ ਬਾਵਾ, ਪ੍ਰੋ. ਗੁਰਭਜਨ ਸਿੰਘ ਗਿੱਲ, ਰਘੁਬੀਰ ਸਿੰਘ ਘੁੰਨ(ਹਿਊਸਟਨ) ਅਮਰੀਕਾ, ਸੱਭਿਆਚਾਰਕ ਸੱਥ ਦੇ ਚੇਅਰਮੈਨ ਸ. ਜਸਮੇਰ ਸਿੰਘ ਢੱਟ ਤੇ ਜੋਗਿੰਦਰ ਸਿੰਘ ਜੰਗੀ ਸਮਾਜਕ ਆਗੂ ਨੇ ਨਿਭਾਈ।
ਸ. ਹਰਜਿੰਦਰ ਸਿੰਘ ਥਿੰਦ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਜਿੰਦਰ ਸਾਡਾ ਸਮਕਾਲੀ ਵਿਦਿਆਰਥੀ ਹੈ ਅਤੇ ਅਸੀਂ ਸਾਰੇ ਇੱਕੋ ਸਮੇਂ ਗੌਰਮਿੰਟ ਕਾਲਿਜ ਵਿੱਚ ਪੜ੍ਹਦੇ ਰਹੇ ਹਾਂ। ਪੰਜਾਬੀ ਕਵੀ ਜਰਨੈਲ ਸਿੰਘ ਅਰਸ਼ੀ ਦੇ ਪਿੰਡ ਰਛੀਨ (ਨੇੜੇ ਅਹਿਮਦਗੜ੍ਹ ਮੰਡੀ) ਦਾ ਜੰਮਪਲ ਹਰਜਿੰਦਰ ਥਿੰਦ ਬਲਵੰਤ ਗਾਰਗੀ ਦੀ ਦਾ ਐੱਮ ਏ ਥੀਏਟਰ ਵਿੱਚ ਵਿਦਿਆਰਥੀ ਰਿਹਾ ਹੈ ਅਤੇ 1976 ਵਿੱਚ ਉਸ ਨੇ ਅੰਮ੍ਰਿਤਾ ਪ੍ਰੀਤਮ ਜੀ ਦੀ ਨਸ਼ਿਆਂ ਵਿਰੁੱਧ ਲਿਖੀ ਕਹਾਣੀ ਆਧਾਰਿਤ ਲਘੂ ਫਿਲਮ “ਕਾਲਾ ਸੂਰਜ” ਵਿੱਚ ਵੀ ਹੀਰੋ ਦੀ ਭੂਮਿਕਾ ਨਿਭਾਈ ਸੀ। ਕੈਨੇਡਾ ਜਾ ਕੇ ਉਸ ਨੇ ਰੇਡੀਉ ਪ੍ਰਸਾਰਨ ਨੂੰ ਅਪਣਾਇਆ ਤੇ ਬੁਲੰਦੀਆਂ ਤੇ ਪਹੁੰਚਾਇਆ। ਅੱਜ ਉਸ ਦਾ ਨਾਮ ਘਰ ਘਰ ਦੀ ਕਹਾਣੀ ਹੈ। ਰਹਭਜਨ ਮਾਨ ਦੀ ਫਿਲਮ “ਅਸਾਂ ਨੂੰ ਮਾਣ ਵਤਨਾਂ ਦਾ” ਵਿੱਚ ਵੀ ਉਸ ਦੀ ਅਦਾਕਾਰੀ ਸਲਾਹੀ ਗਈ।
ਕ੍ਰਿਸ਼ਨ ਕੁਮਾਰ ਬਾਵਾ, ਪਰਗਟ ਸਿੰਘ ਗਰੇਵਾਲ ਤੇ ਮਲਕੀਤ ਸਿੰਘ ਦਾਖਾ ਨੇ ਵੀ ਹਰਜਿੰਦਰ ਥਿੰਦ ਨੂੰ ਬਦੇਸ਼ਾਂ ਵਿੱਚ ਪੰਜਾਬ ਦਾ ਸਭਿਆਚਾਰਕ ਦੂਤ ਵਜੋਂ ਸਲਾਹੁਤਾ ਕੀਤੀ। ਰਘੁਬੀਰ ਸਿੰਘ ਘੁੰਨ ਨੇ ਥਿੰਦ ਨੂੰ ਮਿਸ਼ਰੀ ਨਾਲੋਂ ਮਿੱਠੇ ਅੰਦਾਜ਼ ਨੂੰ ਲੰਮਾ ਸਮਾਂ ਨਿਭਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਫਾਉਂਡੇਸ਼ਨ ਨੂੰ ਹਰ ਸਾਲ ਇਹ ਪੁਰਸਕਾਰ ਉਨ੍ਹਾਂ ਦੇ ਜਨਮ ਦਿਨ ਤੇ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਲਾਕਾਰਾਂ, ਬੁੱਧੀਜੀਵੀਆਂ ਤੇ ਲੇਖਕਾਂ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਸ. ਜੱਸੋਵਾਲ ਤੇ ਉਨ੍ਹਾਂ ਦੇ ਨਿੱਕੇ ਵੀਰ ਇੰਦਰਜੀਤ ਸਿੰਘ ਗਰੇਵਾਲ ਨਾਲ ਬਿਤਾਏ ਪਲਾਂ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।
ਧੰਨਵਾਦ ਕਰਦਿਆਂ ਹਰਜਿੰਦਰ ਸਿੰਘ ਥਿੰਦ ਨੇ ਕਿਹਾ ਕਿ ਸ. ਜਗਦੇਵ ਸਿੰਘ ਜੱਸੋਵਾਲ ਲਿਆਕਤਵਾਨ ਸਿਆਸਤਦਾਨ, ਸਭਿਆਚਾਰਕ ਹਸਤੀ ਤੇ ਦੂਰਦ੍ਰਿਸ਼ਟੀਵਾਨ ਇਨਸਾਨ ਸਨ। ਉਨ੍ਹਾਂ ਸਿਰਫ਼ ਪੰਜਾਬ ਵਿੱਚ ਹੀ 1978 ਤੋਂ ਮੋਹਨ ਸਿੰਘ ਮੇਲਾ ਨਹੀਂ ਸੀ ਆਰੰਭਿਆ ਸਗੋਂ ਸਰੀ (ਕੈਨੇਡਾ ਵਿੱਚ ਵੀ ਸਾਨੂੰ ਸਭ ਨੂੰ ਥਾਪੜਾ ਦੇ ਕੇ ਸਾਹਿਬ ਸਿੰਘ ਥਿੰਦ ਦੀ ਅਗਵਾਈ ਹੇਠ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਥਾਪਿਤ ਕਰਕੇ “ਗਦਰੀ ਬਾਬਿਆਂ ਦਾ ਮੇਲਾ” ਲਹਿਰ ਵਾਂਗ ਸ਼ੁਰੂ ਕੀਤਾ। ਇਸ ਤੋਂ ਬਾਦ ਪੂਰੇ ਕੈਨੇਡਾ ਤੇ ਅਮਰੀਕਾ ਵਿੱਚ ਮੇਲਿਆਂ ਦੀ ਲਹਿਰ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਮਿਲੀ ਦਸਤਾਰ ਮੈਨੂੰ ਹਰ ਵੇਲੇ ਵੱਡੀ ਜ਼ੁੰਮੇਵਾਰੀ ਦਾ ਅਹਿਸਾਸ ਦਿਵਾਉਂਦੀ ਰਹੇਗੀ। ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਨੇ ਆਏ ਮਹਿਮਾਨਾਂ ਦਾ ਸ਼ੁਕਰਾਨਾ ਕੀਤਾ।