ਕੈਨੇਡਾ ਦੇ ਪ੍ਰਸਿੱਧ ‘ਰੇਡੀਓ ਆਪਣਾ’ ਦੇ ਸੰਸਥਾਪਕ ਅਤੇ ਸੀਈਓ ਜਗਤਾਰ ਸਿੰਘ ਦਾ ਦਿਹਾਂਤ
ਓਟਵਾ, 2 ਫਰਵਰੀ, 2023 (ਵਿਸ਼ਵ ਵਾਰਤਾ ਡੈਸਕ)-: ਕੈਨੇਡਾ ਦੇ ਪ੍ਰਸਿੱਧ ‘ਰੇਡੀਓ ਆਪਣਾ’ ਤੇ ‘ਟੀ ਵੀ ਆਪਣਾ’ ਦੇ ਸੀ ਈ ਓ ਜਗਤਾਰ ਸਿੰਘ ਦਾ 1 ਫਰਵਰੀ ਨੂੰ ਵਿਨੀਪੈਗ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਹਨਾਂ ਦੀ ਪਤਨੀ ਮਨਧੀਰ ਕੌਰ ਮਨੂੰ ਅਤੇ ਪੁੱਤਰਾਂ ਜ਼ਿੰਮੀ ਸਿੰਘ, ਰੌਬੀ ਸਿੰਘ ਤੇ ਰੌਨੀ ਸਿੰਘ ਨੇ ਸਾਂਝੀ ਕੀਤੀ।
ਜਿਕਰਯੋਗ ਹੈ ਕਿ ਵਿਨੀਪੈਗ ਸ਼ਹਿਰ ਵਿੱਚ ਪਹਿਲੇ ਪ੍ਰਵਾਸੀਆਂ ਵਿਚੋਂ ਜਗਤਾਰ ਸਿੰਘ ਨੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਲੋਕਲ ‘ਰੇਡੀਓ ਆਪਣਾ’ 20 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਜਿਹੜਾ ਅੱਜ ਕੱਲ ਵਿੰਨੀਪੈਗ ਵਿੱਚ ਹੀ ਨਹੀ ਸਗੋ ਇੰਟਰਨੈੱਟ ਤੇ ਹੋਰ ਮਾਧਿਅਮ ਰਾਹੀਂ ਸਮੁੱਚੇ ਸੰਸਾਰ ਵਿੱਚ ਸੁਣਿਆ ਜਾਂਦਾ ਹੈ।2020 ਵਿੱਚ ਉਹਨਾਂ ਨੇ ਰੇਡੀਓ ਦੇ ਨਾਲ ਨਾਲ ਟੀਵੀ ਆਪਣਾ ਵੀ ਸ਼ੁਰੂ ਕੀਤਾ ਸੀ।
ਕੈਨੇਡਾ ਵਿਚ ਵਸੇ ਮੂਲ ਭਾਰਤੀ ਜਗਤਾਰ ਸਿੰਘ ਨੇ ਇਥੇ ਆਪਣਾ ਕੈਰੀਅਰ ਇੱਕ ਟੈਕਸੀ ਡਰਾਇਵਰ ਵੱਜੋ ਸ਼ੁਰੂ ਕੀਤਾ ਸੀ ਅਤੇ ਜਿਹਨਾਂ ਦਿਨਾਂ ਵਿੱਚ ਇੱਥੇ ਪੰਜਾਬੀ ਦਾ ਪ੍ਰਚਾਰ ਟਾਂਵਾਂ-ਟਾਵਾਂ ਸੀ, ਉਹਨਾਂ ਦਿਨਾਂ ਵਿੱਚ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਬੀੜਾ ਚੁੱਕਿਆ। ਹੌਲੀ ਹੌਲੀ ਪੰਜਾਬੀ ਸੱਭਿਆਚਾਰ ਦੇ ਸ਼ੌਕ ਨਾਲ 1986 ਵਿੱਚ ਐਸ ਸੀ ਐਮ ਓ ਰੇਡੀਓ 92,1ਐਫ ਐਮ 24ਘੰਟੇ ਸ਼ੁਰੂ ਕੀਤਾ ਜੋ ਪੰਜਾਬੀ ਤੋਂ ਬਿਨਾ ਹਿੰਦੀ, ਉੜਦੂ,ਗੁਜਰਾਤੀ ਵਿਚ ਧਾਰਮਿਕ ਤੇ ਰਾਜਨੀਤਕ, ਸ਼ੋਸ਼ਲ ਮਨੋਰੰਜਨ ਤੇ ਬਾਲੀਵੁੱਡ ਤੇ ਨਾਲ ਨਾਲ ਪੰਜਾਬੀ ਕਮਿਊਨਟੀ ਤੇ ਨਵੇਂ ਆਏ ਪ੍ਰਵਾਸੀਆਂ ਨੂੰ ‘ਰੇਡੀਓ ਆਪਣਾ’ ਨੇ ਸਾਥੀ ਬਣਾਈ ਰੱਖਿਆ। ਉਹਨਾਂ ਦੇ ਦਿਹਾਂਤ ਨਾਲ ਪੰਜਾਬ ਭਾਸ਼ਾ ਅਤੇ ਸੱਭਿਆਚਾਰ ਨੂੰ ਅਸਹਿ ਘਾਟਾ ਪਿਆ ਹੈ।