ਕੈਨੇਡਾ ‘ਚ ਭਾਰਤ ਵਿਰੋਧੀ ਤੱਤਾਂ ਨੂੰ ਲੈ ਕੇ ਭਾਰਤ ਨੇ ਦਿਖਾਇਆ ਸਖ਼ਤ ਰੁਖ
ਦਿੱਲੀ,13 ਜੂਨ (ਵਿਸ਼ਵ ਵਾਰਤਾ ): ਕੈਨੇਡਾ ਵਿਚ ਭਾਰਤ ਵਿਰੋਧੀ ਤੱਤਾਂ ਨੂੰ ਲੈ ਕੇ ਭਾਰਤ ਨੇ ਇਕ ਵਾਰ ਫਿਰ ਆਪਣਾ ਇਤਰਾਜ ਜ਼ਾਹਿਰ ਕੀਤਾ ਹੈ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਨਾਲ ਨਵੀਂ ਦਿੱਲੀ ਦਾ ਮੁੱਖ ਮੁੱਦਾ ਭਾਰਤ ਵਿਰੋਧੀ ਤੱਤਾਂ ਨੂੰ ਦਿੱਤੀ ਗਈ ਸਿਆਸੀ ਥਾਂ ਹੈ। ਇਹ ਤੱਤ ਅੱਤਵਾਦ ਅਤੇ ਹਿੰਸਾ ਦੀ ਵਕਾਲਤ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਕੈਨੇਡਾ ਨੂੰ ਵਾਰ-ਵਾਰ ਆਪਣੀਆਂ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਉਮੀਦ ਹੈ ਕਿ ਕੈਨੇਡਾ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰੇਗਾ। ਕਵਾਤਰਾ ਨੇ ਇਹ ਗੱਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਨਰਮੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਤਾਜ਼ਾ ਟਿੱਪਣੀਆਂ ‘ਤੇ ਕਹੀ। ਉਨ੍ਹਾਂ ਕਿਹਾ ਕਿ ਅਸੀਂ ਹੁਣੇ-ਹੁਣੇ ਆਮ ਚੋਣਾਂ ਪੂਰੀਆਂ ਕੀਤੀਆਂ ਹਨ। ਮੈਨੂੰ ਯਕੀਨ ਹੈ ਕਿ ਹਰ ਕੋਈ ਇਸ ਗੱਲ ਨਾਲ ਸਹਿਮਤ ਹੋਵੇਗਾ ਕਿ ਇਹ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਲੋਕਤੰਤਰੀ ਪ੍ਰਕਿਰਿਆ ਸੀ। ਲਗਭਗ 64 ਕਰੋੜ ਲੋਕਾਂ ਨੇ ਵੋਟਿੰਗ ਕੀਤੀ ਅਤੇ ਭਾਰਤ ਦੇ ਲੋਕਤੰਤਰ ਦੀ ਜੀਵੰਤਤਾ ਨੂੰ ਦੁਨੀਆ ਭਰ ਵਿੱਚ ਮਾਨਤਾ ਦਿੱਤੀ ਗਈ ਅਤੇ ਪ੍ਰਸ਼ੰਸਾ ਕੀਤੀ ਗਈ।