ਕੈਨੇਡਾ ‘ਚ ਗੈਸ ਸਟੇਸ਼ਨ ਦੇ ਬਾਹਰ ਸਿੱਖ ਔਰਤ ਦਾ ਗੋਲੀਆਂ ਮਾਰ ਕੇ ਕਤਲ
ਟੋਰਾਂਟੋ, 5 ਦਸੰਬਰ (ਵਿਸ਼ਵ ਵਾਰਤਾ)- : ਮਿਸੀਸਾਗਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਇੱਕ 21 ਸਾਲਾ ਕੈਨੇਡੀਅਨ-ਸਿੱਖ ਲੜਕੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਹ ਮਾਮਲਾ ਟਾਰਗੇਟ ਕਿਲਿੰਗ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਬਰੈਂਪਟਨ ਦੀ ਵਸਨੀਕ ਪਵਨਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਇਹ ਵਾਰਦਾਤ ਵੀ 3 ਦਸੰਬਰ ਨੂੰ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ-ਬ੍ਰਿਟੈਨੀਆ ਰੋਡਜ਼ ਇਲਾਕੇ ਦੇ ਪੈਟਰੋ ਕੈਨੇਡਾ ਗੈਸ ਸਟੇਸ਼ਨ ‘ਤੇ ਵਾਪਰੀ ਜਿਸ ਵਿੱਚ ਉਕਤ ਮੌਤ ਹੋ ਗਈ ਸੀ। ਪੀਲ ਰੀਜਨਲ ਪੁਲਿਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਨ ਬਚਾਉਣ ਦੇ ਉਪਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੀੜਤਾ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੇ ਸਾਰੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਘਟਨਾ ਤੋਂ ਬਾਅਦ ਪੈਦਲ ਹੀ ਘਟਨਾ ਸਥਾਨ ਤੋਂ ਨਿਕਲਦੇ ਦੇਖਿਆ ਗਿਆ ਸੀ।ਪੁਲਿਸ ਨੇ ਇਸ ਨੂੰ ਟਾਰਗੇਟਿਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਹੁਣ ਤੱਕ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ।
ਇਹ ਘਟਨਾ ਸਰੀ ਦੇ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ 18 ਸਾਲਾ ਭਾਰਤੀ ਮੂਲ ਦੀ ਸਿੱਖ ਮਹਿਕਪ੍ਰੀਤ ਸੇਠੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਕੁਝ ਦਿਨ ਬਾਅਦ ਵਾਪਰੀ ਹੈ।