ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ਼ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਇਕੱਠੇ ਹੋਏ ਵਿਰੋਧੀ ਧਿਰ ਦੇ ਵੱਡੇ ਆਗੂ
ਚੰਡੀਗੜ੍ਹ, 31ਮਾਰਚ(ਵਿਸ਼ਵ ਵਾਰਤਾ)-ਦਿੱਲੀ ਦੇ ਬਹੁਚਰਚਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਵਿਰੋਧੀ ਧਿਰ I.N.D.I.A. ਗਠਜੋੜ ਦੇ ਆਗੂਆਂ ਵੱਲੋਂ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਲੋਕਤੰਤਰ ਬਚਾਓ ਰੈਲੀ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਰੈਲੀ ਨੂੰ ਸੰਬੋਧਨ ਕਰਨਗੇ। ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਵੀ ਇੱਥੇ ਪਹੁੰਚਣਗੇ।ਇਸ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਸ਼ਾਮਲ ਹੋਵੇਗੀ। ਇਸ ਦੇ ਨਾਲ ਹੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਇਸ ਰੈਲੀ ‘ਚ ਹਿੱਸਾ ਲੈਣ ਲਈ ਕੱਲ ਦੁਪਹਿਰ ਦਿੱਲੀ ਪਹੁੰਚੇ ਹਨ।
ਦੱਸ ਦਈਏ ਕਿ ਪੀਡੀਪੀ ਚੀਫ਼ ਮਹਿਬੂਬਾ ਮੁਫਤੀ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਰਾਮਲੀਲਾ ਮੈਦਾਨ ਪਹੁੰਚੇ ਚੁੱਕੇ ਹਨ। ਰੈਲੀ ‘ਚ ਸ਼ਾਮਲ ਹੋਣ ਲਈ ਰਾਮਲੀਲਾ ਮੈਦਾਨ ਪਹੁੰਚੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਇਸ ਗੱਲ ਤੋਂ ਚਿੰਤਤ ਹੈ ਕਿ ਉਹ ਸੱਤਾ ਤੋਂ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਨ ਲੋਕਪਾਲ ਬਿਲ ਨੂੰ ਲੈ ਕੇ ਇਸ ਸਮੇਂ ਦੀ ਕਾਂਗਰਸ ਸਰਕਾਰ ਦੇ ਖਿਲਾਫ਼ ਅੰਨਾ ਹਜ਼ਾਰੇ ਦੇ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਤੋਂ ਹੀ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਅੱਜ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹੋਰਨਾਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਵੀ ਦਿੱਲੀ ਦੀ ਰਾਮਲੀਲਾ ਮੈਦਾਨ ਤੇ ਹੋ ਰਹੀ ਮਹਾਰੈਲੀ ਵਿੱਚ ਸ਼ਾਮਲ ਹੋਵੇਗੀ।