ਕੇਕ ਖਾਣ ਨਾਲ ਕੁੜੀ ਦੀ ਮੌਤ ਮਾਮਲੇ ‘ਚ ਨਵਾਂ ਖੁਲਾਸਾ, ਬੇਕਰੀ ਤੋਂ ਲਏ ਗਏ ਸੈਂਪਲ ‘ਚ ਸੈਕਰੀਨ ਜ਼ਿਆਦਾ
ਚੰਡੀਗੜ੍ਹ,23ਅਪ੍ਰੈੈਲ(ਵਿਸ਼ਵ ਵਾਰਤਾ)- ਪਟਿਆਲਾ ‘ਚ ਜਨਮ ਦਿਨ ਲਈ ਆਰਡਰ ਕੀਤਾ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ‘ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਬੇਕਰੀ ਵਿੱਚ ਤਿਆਰ ਕੀਤੇ ਗਏ ਕੇਕ ਘਟੀਆ ਗੁਣਵੱਤਾ ਦੇ ਸਨ, ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਕਿ ਕੇਕ ਨੂੰ ਤਿਆਰ ਕਰਨ ਵਿੱਚ ਨਕਲੀ ਮਿਠਾਸ ਲਈ ਸੈਕਰੀਨ ਦੀ ਜ਼ਿਆਦਾ ਵਰਤੋਂ ਕੀਤੀ ਗਈ ਸੀ। ਹਾਲਾਂਕਿ ਮਾਨਵੀ ਨੇ ਆਪਣੇ ਜਨਮ ਦਿਨ ‘ਤੇ ਜੋ ਕੇਕ ਖਾਧਾ ਸੀ, ਉਸ ਨੂੰ ਵੀ ਪੁਲਸ ਨੇ ਕੈਮੀਕਲ ਟੈਸਟ ਲਈ ਸਟੇਟ ਫੋਰੈਂਸਿਕ ਲੈਬ ‘ਚ ਭੇਜਿਆ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਹੁਣ ਇਸ ਮਾਮਲੇ ਵਿੱਚ ਕੇਕ ਤਿਆਰ ਕਰਨ ਵਾਲੀ ਨਿਊ ਇੰਡੀਆ ਬੇਕਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਦੱਸ ਦੇਈਏ ਕਿ 24 ਮਾਰਚ ਨੂੰ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾ ਮਾਨਵੀ ਦੀ ਜਨਮ ਦਿਨ ‘ਤੇ ਆਰਡਰ ਕੀਤਾ ਕੇਕ ਖਾਣ ਨਾਲ ਮੌਤ ਹੋ ਗਈ ਸੀ। ਇਹ ਕੇਕ ਪਰਿਵਾਰ ਵੱਲੋਂ ਰਾਘੋਮਾਜਰਾ ਇਲਾਕੇ ਵਿੱਚ ਸਥਿਤ ਨਿਊ ਇੰਡੀਆ ਬੇਕਰੀ ਤੋਂ Zomato ਰਾਹੀਂ ਆਨਲਾਈਨ ਮੰਗਵਾਇਆ ਗਿਆ ਸੀ।
ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਨਿਊ ਇੰਡੀਆ ਬੇਕਰੀ ਤੋਂ ਚਾਰ ਕੇਕ ਦੇ ਸੈਂਪਲ ਲਏ। ਰਿਪੋਰਟ ਵਿੱਚ ਦੋ ਕੇਕ ਘਟੀਆ ਗੁਣਵੱਤਾ ਦੇ ਪਾਏ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ: ਵਿਜੇ ਕੁਮਾਰ ਨੇ ਦੱਸਿਆ ਕਿ ਦੋ ਕੇਕ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੈਕਰੀਨ (ਸਿੰਥੈਟਿਕ ਆਰਟੀਫਿਸ਼ੀਅਲ ਸਵੀਟਨਰ) ਪਾਇਆ ਗਿਆ।
ਹਾਲਾਂਕਿ, ਸੈਕਰੀਨ ਦੀ ਵਰਤੋਂ ਭੋਜਨ ਅਤੇ ਕੋਲਡ ਡਰਿੰਕਸ ਆਦਿ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਤੀ ਜਾਂਦੀ ਹੈ। ਜੇਕਰ ਇਸ ਦੀ ਜ਼ਿਆਦਾ ਮਾਤਰਾ ‘ਚ ਵਰਤੋਂ ਕੀਤੀ ਜਾਵੇ ਤਾਂ ਇਹ ਬਲੱਡ ਸ਼ੂਗਰ ਲੈਵਲ ਨੂੰ ਬਹੁਤ ਤੇਜ਼ੀ ਨਾਲ ਵਧਾ ਸਕਦੀ ਹੈ।