ਕੇਂਦਰ ਸਰਕਾਰ ਨੇ ਇੰਨਕਮ ਟੈਕਸ ਵਿੱਚ ਆਮ ਆਦਮੀ ਨੂੰ ਦਿੱਤੀ ਵੱਡੀ ਰਾਹਤ
ਹੁਣ ਇੰਨੇ ਲੱਖ ਦੀ ਆਮਦਨ ਤੇ ਨਹੀਂ ਦੇਣਾ ਪਵੇਗਾ ਟੈਕਸ
ਚੰਡੀਗੜ੍ਹ 1 ਫਰਵਰੀ(ਵਿਸ਼ਵ ਵਾਰਤਾ)-2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਕੇਂਦਰ ਸਰਕਾਰ ਨੇ ਆਪਣੇ ਮੌਜੂਦਾ ਕਾਰਜਕਾਲ ਦਾ ਆਖਿਰੀ ਬਜਟ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਅੱਠ ਸਾਲਾਂ ਤੋਂ ਜਿਸ ਉਮੀਦ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਉਹ ਪੂਰੀ ਹੋ ਗਈ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਹੁਣ 7 ਲੱਖ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰੀ ਨੇ ਕਿਹਾ ਕਿ ਮੱਧ ਵਰਗ ਲਈ ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਇਨਕਮ ਟੈਕਸ ਸਲੈਬ ਵੀ ਘਟਾ ਦਿੱਤੇ ਗਏ ਹਨ। ਹੁਣ ਇਨ੍ਹਾਂ ਨੂੰ 6 ਤੋਂ ਘਟਾ ਕੇ 5 ਕਰ ਦਿੱਤਾ ਗਿਆ ਹੈ।
ਨਿਰਮਲਾ ਸੀਤਾਰਮਨ ਨੇ ਖੇਤੀਬਾੜੀ, ਸਿੱਖਿਆ ਅਤੇ ਗਰੀਬਾਂ ਲਈ ਅਹਿਮ ਐਲਾਨ ਕੀਤੇ। ਅੱਜ ਪੇਸ਼ ਕੀਤੇ ਗਏ ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਹੈ।
ਨਿਵੇਸ਼ ਖਰਚ 33% ਵਧਾ ਕੇ 10 ਲੱਖ ਕਰੋੜ ਰੁਪਏ ਕੀਤਾ ਜਾ ਰਿਹਾ ਹੈ।ਸੀਨੀਅਰ ਨਾਗਰਿਕਾਂ ਲਈ ਬਚਤ ਖਾਤੇ ਵਿੱਚ ਰੱਖੀ ਜਾਣ ਵਾਲੀ ਰਕਮ ਦੀ ਸੀਮਾ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਕਰ ਦਿੱਤੀ ਜਾਵੇਗੀ।
ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ‘ਚ ਔਰਤਾਂ ਨੂੰ 2 ਲੱਖ ਰੁਪਏ ਦੀ ਬਚਤ ‘ਤੇ 7.5 ਫੀਸਦੀ ਸਾਲਾਨਾ ਵਿਆਜ ਮਿਲੇਗਾ।
ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ 66 ਫੀਸਦੀ ਵਾਧਾ ਹੋਇਆ ਹੈ, ਇਹ ਸੈਕਟਰ ਹੁਣ 79 ਹਜ਼ਾਰ ਕਰੋੜ ਰੁਪਏ ਦਾ ਹੋ ਗਿਆ ਹੈ। 2014 ਤੋਂ, ਮੌਜੂਦਾ 157 ਮੈਡੀਕਲ ਕਾਲਜਾਂ ਦੇ ਨਾਲ 157 ਨਵੇਂ ਨਰਸਿੰਗ ਕਾਲਜ ਖੋਲ੍ਹੇ ਜਾਣਗੇ।
ਖੇਤਰੀ ਸੰਪਰਕ ਵਧਾਉਣ ਲਈ 50 ਨਵੇਂ ਹਵਾਈ ਅੱਡੇ, ਹੈਲੀਪੈਡ, ਵਾਟਰ ਐਰੋ ਡਰੋਨ, ਐਡਵਾਂਸ ਲੈਂਡਿੰਗ ਗਰਾਊਂਡ ਵਿਕਸਿਤ ਕੀਤੇ ਜਾਣਗੇ।