ਕੇਂਦਰ-ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਕਿਸਾਨ-ਅੰਦੋਲਨ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨ ਦਾ ਸੱਦਾ
ਕਿਸਾਨ-ਮਜ਼ਦੂਰ ਏਕਤਾ ਸਮੇਂ ਦੀ ਲੋੜ
ਸੰਯੁਕਤ ਕਿਸਾਨ ਮੋਰਚੇ ਦੇ ਨਵੇਂ ਐਲਾਨ
ਚੰਡੀਗੜ੍ਹ,12 ਜੂਨ (ਵਿਸ਼ਵ ਵਾਰਤਾ);-ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਾਰੀ ਧਰਨੇ 255ਵੇਂ ਦਿਨ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। ਕਿਸਾਨ-ਅੰਦੋਲਨ ਦੇ 200 ਦਿਨ ਪੂਰੇ ਹੋਣ ਵਾਲੇ ਹਨ। ਕਿਸਾਨ-ਜਥੇਬੰਦੀਆਂ ਨੇ ਦਿੱਲੀ ਦੇ ਮੋਰਚਿਆਂ ‘ਚ ਹੋਰ ਵੱਡੇ ਕਾਫ਼ਲੇ ਭੇਜਣ ਦਾ ਫੈਸਲਾ ਲਿਆ ਹੈ।
ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਨਵੇਂ ਐਲਾਨਾਂ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ ਹੈ।
ਕਿਸਾਨ-ਜਥੇਬੰਦੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਤੇ ਮਜਦੂਰਾਂ ਨੂੰ ਆਪਸੀ ਸਹਿਮਤੀ ਨਾਲ ਰੇਟ ਦੀ ਲਵਾਈ ਦਾ ਰੇਟ ਤਹਿ ਕਰਨ ਦੀ ਅਪੀਲ ਕੀਤੀ ਹੈ। ਜਥੇਬੰਦੀਆਂ ਨੇ ਕਿਹਾ ਕਿ ਕਿਸਾਨ ਮਜਦੂਰ ਏਕਤਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਮਤਾ ਪਾਉਣ ਵਾਲੀ ਕਾਰਵਾਈ ਭਾਜਪਾ ਦੀ ਫੁੱਟਪਾਊ ਨੀਤੀ ਨੂੰ ਬਲ ਬਖਸ਼ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਝੋਨਾ ਲਾਉਣ ਲਈ ਮਜ਼ਦੂਰਾਂ ਵਾਸਤੇ ਭਾਅ ਤੈਅ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝ ਨੂੰ ਤੋੜਨ ਲਈ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਪੰਜਾਬ ਭਰ ‘ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਕਿਸਾਨ-ਆਗੂਆਂ ਨੇ ਕਿਹਾ ਹੁਣ ਸਰਕਾਰ ਦੀ ਹੱਠਧਰਮੀ ਦੀ ਹੱਦ ਹੋ ਚੁੱਕੀ ਹੈ ਅਤੇ ਸਰਕਾਰ ਖੇਤੀ ਖੇਤਰ ਨੂੰ ਖੁੱਲ੍ਹੀ ਮੰਡੀ ਦੇ ਹਵਾਲੇ ਕਰਨ ‘ਤੇ ਬਜਿੱਦ ਹੈ। ਸਾਡੇ ਕੋਲ ਇਸ ਹੱਠਧਰਮੀ ਵਿਰੁੱਧ ਲੜਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਸਰਕਾਰ ਨੇ ਸਿੱਧਾ ਸਾਡੀ ਸੰਘੀ ਨੂੰ ਹੱਥ ਪਾਇਆ ਹੈ। ਜ਼ਮੀਨਾਂ ਦੇ ਨਾਲੋ ਨਾਲ ਇਹ ਲੜਾਈ ਸਾਡਾ ਸਭਿਆਚਾਰ ਤੇ ਜੀਵਨ-ਜਾਚ ਬਚਾਉਣ ਦੀ ਵੀ ਲੜਾਈ ਹੈ। ਸਰਕਾਰ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਰਾਹੀਂ ਜਿਹੜਾ ਵਿਕਾਸ ਮਾਡਲ ਸਾਡੇ ‘ਤੇ ਥੋਪਣਾ ਚਾਹੁੰਦੀ ਹੈ, ਇਹੀ ਵਿਕਾਸ ਮਾਡਲ ਯੂਰਪ ਤੇ ਅਮਰੀਕੀ ਮੁਲਕਾਂ ਵਿੱਚ ਪਹਿਲਾਂ ਹੀ ਆਪਣਾ ਲੋਕ-ਦੋਖੀ ਰੰਗ ਦਿਖਾ ਚੁੱਕਾ ਹੈ। ਉਥੇ ਬਹੁਤ ਤੇਜ਼ੀ ਨਾਲ ਜ਼ਮੀਨ ਕੁੱਝ ਕੁ ਵੱਡੇ ਭੋਂ-ਪਤੀਆਂ ਦੇ ਹੱਥਾਂ ਵਿੱਚ ਇਕੱਠੀ ਹੋ ਰਹੀ ਹੈ; ਛੋਟੇ ਤੇ ਮੰਝੌਲੇ ਕਿਸਾਨ ਖੇਤੀ ‘ਚੋਂ ਬਾਹਰ ਹੋ ਰਹੇ ਹਨ; ਖੇਤੀ ਉਤਪਾਦਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ‘ਚੋਂ ਬਾਹਰ ਹੋ ਗਈਆਂ ਹਨ ਅਤੇ ਖੇਤੀ ਵਪਾਰ ‘ਤੇ ਚੰਦ ਦਿਉ-ਕੱਦ ਕੰਪਨੀਆਂ ਦਾ ਏਕਾਧਿਕਾਰ ਸਥਾਪਤ ਹੋ ਚੁੱਕਾ ਹੈ। ਖੇਤੀ ਨੀਤੀਆਂ ਇਨ੍ਹਾਂ ਚੰਦ ਕੰਪਨੀਆਂ ਦੀ ਮਰਜ਼ੀ ਅਨੁਸਾਰ ਬਣਦੀਆਂ ਹਨ ਅਤੇ ਕਿਸਾਨਾਂ ਤੇ ਆਮ ਖਪਤਕਾਰਾਂ ਦੇ ਹਿੱਤਾਂ ਦਾ ਕੋਈ ਖਿਆਲ ਨਹੀਂ ਕੀਤਾ ਜਾਂਦਾ।
ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦਿਆਂ ਕਿਸਾਨਾਂ ਦੀ ਲਾਮਬੰਦੀ ਵਧਾਉਣ ਦੀ ਦਿਸ਼ਾ ਵਿੱਚ ਕੁੱਝ ਨਵੇਂ ਫੈਸਲੇ ਲਏ ਹਨ, ਜਿਹਨਾਂ ਤਹਿਤ 14 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਹਾੜਾ ਮਨਾਇਆ ਜਾਵੇਗਾ।
24 ਜੂਨ ਨੂੰ ਸਾਰੀਆਂ ਸਰਹੱਦਾਂ, ਟੋਲ ਪਲਾਜ਼ਾ ਅਤੇ ਹੋਰ ਥਾਵਾਂ ‘ਤੇ ਕਬੀਰ ਜੈਯੰਤੀ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
26 ਜੂਨ ਨੂੰ ਅੰਦੋਲਨ ਦੇ ਸੱਤ ਮਹੀਨਿਆਂ ਅਤੇ ਐਮਰਜੈਂਸੀ ਦੀ ਵਰ੍ਹੇਗੰਢ ਮੌਕੇ ‘ਤੇ ਦੇਸ਼ ਭਰ ਦੇ ਰਾਜ ਭਵਨਾਂ ‘ਤੇ ਧਰਨੇ ਦਿੰਦਿਆਂ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਦੀ ਮੰਗ ਦੁਹਰਾਉਂਦਿਆਂ ਰਾਸ਼ਟਰਪਤੀ ਨੂੰ ਮੰਗ-ਪੱਤਰ ਭੇਜੇ ਜਾਣਗੇ।
ਸੱਤਾਧਾਰੀ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਦਾ ਸ਼ਾਂਤਮਈ ਵਿਰੋਧ ਜਾਰੀ ਰਹੇਗਾ।