ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ
ਚੰਡੀਗੜ੍ਹ, 10 ਸਤੰਬਰ( ਵਿਸ਼ਵ ਵਾਰਤਾ)- : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਨੂੰ ਆਖਿਆ ਕਿ ਉਹ ਟੋਟਾ ਚੌਲ ਦੀ ਬਰਾਮਦ ’ਤੇ ਲਗਾਈ ਪਾਬੰਦੀ ਖਤਮ ਕਰੇ ਅਤੇ ਗੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਗਾਈ ਡਿਊਟੀ ਵਾਪਸ ਲਵੇ ਅਤੇ ਕਿਹਾ ਕਿ ਇਸਦਾ ਕਿਸਾਨਾਂ ’ਤੇ ਮਾਰੂ ਅਸਰ ਪਵੇਗਾ ਤੇ ਉਹ ਅਨਾਜ ਦੀਆਂ ਵੱਧ ਬਰਾਮਦ ਦਰਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਰਾਮਦ ’ਤੇ ਪਾਬੰਦੀ ਅਤੇ ਗੈਰ ਬਾਸਮਤੀ ਚੌਲ ਦੀ ਬਰਾਮਦ ’ਤੇ 20 ਫੀਸਦੀ ਡਿਊਟੀ ਲਗਾਉਣ ਨਾਲ ਇਸਦੀ ਬਰਾਮਦ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਤੇ ਇਹ ਕਿਸਾਨ ਵਿਰੋਧੀ ਕਦਮ ਹਨ ਜੋ ਤੁਰੰਤ ਵਾਪਸ ਲਏ ਜਾਣੇ ਚਾਹੀਦੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਮਈ ਮਹੀਨੇ ਵਿਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਕੇ ਵਿਸ਼ਵ ਪੱਧਰ ’ਤੇ ਕਣਕ ਦੀਆਂ ਵਧੀਆਂ ਕੀਮਤਾਂ ਦਾ ਲਾਭ ਲੈਣ ਤੋਂ ਕਿਸਾਨਾਂ ਨੁੰ ਵਾਂਝਾ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਪਏ ਘਾਟੇ ਨਾਲ ਨਜਿੱਠਣ ਲਈ ਵੱਧ ਕੀਮਤਾਂ ਦੀ ਕਿਸਾਨਾਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਗਰਮੀ ਦੇ ਹਾਲਾਤਾਂ ਕਾਰਨ ਦਾਣਾ ਸੁੰਗੜਨ ਨਾਲ ਝਾੜ ਬਹੁਤ ਘੱਟ ਗਿਆ ਸੀ। ਉਹਨਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਟੋਟਾ ਚੌਲ ਦੀ ਬਰਾਮਦ ਨਾਲ ਵਧੀਆਂ ਹੋਈਆਂ ਕੌਮਾਂਤਰੀ ਕੀਮਤਾਂ ਦਾ ਲਾਭ ਲੈਣ ਦਾ ਮੌਕਾ ਸੀ ਪਰ ਸਰਕਾਰ ਨੇ ਟੋਟਾ ਚੌਲ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਜਦੋਂ ਕਿ ਨਾਲ ਹੀ ਬਹੁਤ ਜ਼ਿਆਦਾ ਡਿਊਟੀ ਵੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੂੰ ਡਵਾਰਫਿੰਗ ਬਿਮਾਰੀ ਦੀ ਮਾਰ ਪੈ ਰਹੀ ਹੈ ਜਿਸਦੇ ਕਾਰਨ ਝੋਨਾ ਸਹੀ ਤਰੀਕੇ ਵਿਕਸਤ ਹੋਣ ਦੀ ਥਾਂ ਬੋਨਾ ਰਹਿ ਗਿਆ ਤੇ ਬੂਟੇ ਖਤਮ ਹੋ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਬਜਾਏ ਬਰਾਮਦਾਂ ’ਤੇ ਬੰਦਸ਼ਾਂ ਲਾਉਣ ਦੇ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਹੈ ਜਿਸ ਨਾਲ ਸਰਕਾਰੀ ਖਰੀਦ ਵੱਧ ਹੋਵੇਗੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ਵਿਚ ਸਹਾਇਤਾ ਮਿਲੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੇਸ਼ੀਨਗੋਈਆਂ ਤੋਂ ਉਲਟ ਚੌਲਾਂ ਦੀ ਕੀਮਤ ਵਿਚ ਵਾਧੇ ਨੇ ਪਿਛਲੇ ਮਹੀਨੇ ਖਪਤਕਾਰ ਸੂਚਕ ਅੰਕ ਵਿਚ ਸਿਰਫ 2 ਫੀਸਦੀ ਯੋਗਦਾਨ ਪਾਇਆ ਸੀ ਅਤੇ ਇਸਦੀਆਂ ਕੀਮਤਾਂ ਨੂੰ ਧੱਕੇ ਨਾਲ ਘਟਾਇਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਭਾਰਤ ਵਿਚ ਮਹਿੰਗਾਈ ਦਾ ਮੁੱਖ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਨਾਲ ਨਾਲ ਸਬਜ਼ੀਆਂ ਦੀਆਂ ਕੀਮਤਾਂ ਚੋਖੀਆਂ ਹੋਣਾ ਹੈ ਤੇ ਇਹਨਾਂ ਦੋ ਮੁੱਦਿਆਂ ਨੁੰ ਹੱਲ ਕੀਤਾ ਜਾਣਾ ਚਾਹੀਦਾ ਹੈ। ਸਰਦਾਰ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਚ ਖੁੱਲ੍ਹੀ ਮੰਡੀ ਵਿਚ ਝੋਨੇ ਦਾ ਭਾਅ ਧੱਕੇ ਨਾਲ ਘਟਾਉਣਾ ਵੀ ਕਿਸਾਨਾਂ ਦੀ ਆਮਦਨ ਅਗਲੇ ਸਾਲ ਤੱਕ ਦੁੱਗਣੀ ਕਰਨ ਦੇ ਕੀਤੇ ਤਹੱਈਏ ਤੋਂ ਉਲਟ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਚੌਲਾਂ ਦੀ ਮੰਗ ਵਿਚ ਗਿਰਵਾਟ ਨਾਲ ਸਾਰੇ ਅਰਥਚਾਰੇ ਨੂੰ ਵੱਡਾ ਨਾਂਹ ਪੱਖੀ ਝਟਕਾ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਸਾਰੇ ਅਰਥਚਾਰੇ ’ਤੇ ਖੇਤੀਬਾੜੀ ਖੇਤਰ ਵਿਚ ਨਾਂਹ ਪੱਖੀ ਵਿਕਾਸ ਦਾ ਅਸਰ ਪਿਆ ਤਾਂ ਕਿਸਾਨ ਤੇ ਖੇਤ ਮਜ਼ਦੂਰ ਸਭ ਤੋਂ ਵੱਧ ਮਾਰ ਝੱਲਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਖੇਤੀਬਾੜੀ ਖੇਤਰ ਪਹਿਲਾਂ ਹੀ ਸੰਕਟ ਵਿਚ ਹੈ ਕਿਉਂਕਿ ਜਿਥੇ ਕਿਸਾਨਾਂ ਨੁੰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਘਾਟਾ ਪਿਆ ਹੈ, ਉਥੇ ਹੀ ਬਰਸਾਤਾਂ ਕਾਰਨ ਐਤਕੀਂ ਝੋਨੇ ਤੇ ਨਰਮੇ ਦੀ ਫਸਲ ਨੁਕਸਾਨੀ ਗਈ ਹੈ। ਇਸ ਮਗਰੋਂ ਰਹਿੰਦੀ ਸਹਿੰਦੀ ਕਸਰ ਡਵਾਰਫਿੰਗ ਬਿਮਾਰੀ ਨੇ ਪੂਰੀ ਕਰ ਦਿੱਤੀ ਹੈ ਜਿਸਦੀ ਆਮਦ ਨਾਲ ਝੋਨੇ ਦੇ ਬੂਟੇ ਦਾ ਵਿਕਾਸ 15 ਤੋਂ 20 ਫੀਸਦੀ ਘੱਟ ਗਿਆ ਹੈ ਤੇ ਬੂਟੇ ਟੁੱਟ ਕੇ ਹੇਠਾਂ ਡਿੱਗ ਰਹੇ ਹਨ। ਉਹਨਾਂ ਕਿਹਾ ਕਿ ਝੋਨੇ ਦਾ ਝਾੜ ਘੱਟਣ ’ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਉਹਨਾਂ ਨੂੰ ਵਧੇ ਹੋਏ ਮੁੱਲ ਦਾ ਲਾਭ ਲੈਣ ਦਾ ਮੌਕਾ ਮਿਲਣਾ ਚਾਹੀਦਾ ਹੈ।