ਚੰਡੀਗੜ੍ਹ (5 ਫ਼ਰਵਰੀ ( ਵਿਸ਼ਵ ਵਾਰਤਾ )-ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਦੇ ਸਟੇਟ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੇ ਤਾਨਾਸ਼ਾਹੀ ਢੰਗ ਨਾਲ ਭਾਰਤੀ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਉਹ ਕਿਸਾਨ ਅੰਦੋਲਨ ਨੂੰ ਆਪਣੀ ਤਾਕਤ ਨਾਲ ਦਬਾਉਣਾ ਤੇ ਆਪਣੇ ਹੰਕਾਰ ਨਾਲ ਤਿੰਨ ਨਵੇਂ ਕਾਲੇ ਖੇਤੀ ਕਾਨੂੰਨਾਂ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਸ. ਬਡਹੇੜੀ ਨੇ ਸੱਦਾ ਦਿੱਤਾ ਕਿ ਕੇਂਦਰ ਦੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਆਮ ਲੋਕ ਭਲਕੇ ਸਨਿੱਚਰਵਾਰ 6 ਫ਼ਰਵਰੀ ਨੂੰ ਰਾਸ਼ਟਰ–ਪੱਧਰੀ ‘ਚੱਕਾ ਜਾਮ’ ਵਿੱਚ ਕਿਸਾਨਾਂ ਨੂੰ ਮੁਕੰਮਲ ਸਹਿਯੋਗ ਦੇਣ।
ਸ. ਬਡਹੇੜੀ ਨੇ ਕਿਹਾ ਕਿ ਕਿਸਾਨ ਹੁਣ ਕਿਸੇ ਵੀ ਹਾਲਤ ਵਿੱਚ ਦੇਸ਼ ਵਿੱਚ ਵੰਡੀਆਂ ਪਾਉਣ ਵਾਲੀ ਸਰਕਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਦੇਸ਼ ’ਚੋਂ ਤਾਨਾਸ਼ਾਹ ਸਰਕਾਰ ਦਾ ਖ਼ਾਤਮਾ ਕਰਨ ਲਈ ਲੋਕ–ਅੰਦੋਲਨ ਸ਼ੁਰੂ ਹੋ ਚੁੱਕਾ ਹੈ ਤੇ ਕਿਸਾਨ ਇਸ ਦੀ ਅਗਵਾਈ ਕਰ ਰਹੇ ਹਨ। ਇਹ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਸਿੱਧ ਹੋਣ ਵਾਲਾ ਹੈ।
ਸ. ਬਡਹੇੜੀ ਨੇ ਕਿਹਾ ਕਿ ਸਰਕਾਰ ਨੂੰ ਸਖ਼ਤ ਠੰਢ ਵਿੱਚ ਕਿਸਾਨਾਂ ਦੇ ਨਾਲ–ਨਾਲ ਬੱਚਿਆਂ ਤੇ ਬੀਬੀਆਂ–ਭੈਣਾਂ ਦੀ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਦਾ ਕਦੇ ਕੋਈ ਖ਼ਿਆਲ ਨਹੀਂ ਰੱਖਿਆ। ਸਿੱਖਾਂ ਸਮੇਤ ਸਮੂਹ ਪੰਜਾਬੀਆਂ ਨੇ ਦੇਸ਼ ਲਈ ਅਥਾਹ ਕੁਰਬਾਨੀਆਂ ਕੀਤੀਆਂ ਹਨ ਪਰ ਦੇਸ਼ ਵਿੱਚ ਹੁਣ ‘ਭਾੜੇ ਦੇ ਕੁਝ ਟੱਟੂ’ ਉਨ੍ਹਾਂ ਨੂੰ ਹੀ ‘ਖ਼ਾਲਿਸਤਾਨੀ ਤੇ ਅੱਤਵਾਦੀ’ ਦੱਸ ਰਹੇ ਹਨ।
ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਹੁਣ ਲਾਹੇਵੰਦਾ ਧੰਦਾ ਨਹੀਂ ਰਿਹਾ। ਇਸ ਲਈ ਸਿਰਫ਼ ਤੇ ਸਿਰਫ਼ ਕੇਂਦਰ ਦੀਆਂ ਸਰਕਾਰਾਂ, ਪੂੰਜੀਪਤੀ ਤਾਕਤਾਂ ਤੇ ਅਡਾਨੀ–ਅੰਬਾਨੀ ਵਰਗੇ ਮੁੱਠੀ ਭਰ ਸਰਮਾਏਦਾਰ ਜ਼ਿੰਮੇਵਾਰ ਹਨ। ਦਰਅਸਲ, ਉਹ ਕਿਸਾਨ ਤੇ ਆਮ ਆਦਮੀ ਨੂੰ ਕਦੇ ਸਿਖ਼ਰਾਂ ਉੱਤੇ ਪੁੱਜਣ ਹੀ ਨਹੀਂ ਦੇਣਾ ਚਾਹੁੰਦੇ।
ਸ. ਬਡਹੇੜੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਦੇਸ਼ ਵਿੱਚ ਅਮਨ–ਚੈਨ ਕਾਇਮ ਕਰਨ ਵਿੱਚ ਸਹਿਯੋਗ ਦੇਵੇ। ਇਹ ਕਾਨੂੰਨ ਰੱਦ ਕਰਨ ਨਾਲ ਸਰਕਾਰ ਕੋਈ ਛੋਟੀ ਨਹੀਂ ਹੋ ਜਾਵੇਗਾ, ਸਗੋਂ ਇੰਝ ਉਸ ਦਾ ਵਡੱਪਣ ਹੀ ਸਿੱਧ ਹੋਵੇਗਾ।