ਕੇਂਦਰ ਅਤੇ ਰਾਜ ਸਰਕਾਰਾਂ ਦੀ ਦੋ ਟੁੱਕ
ਨਹੀਂ ਖੁੱਲ੍ਹਣਗੇ ਸਕੂਲ
ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਅਜੇ ਬਰਕਰਾਰ
ਚੰਡੀਗੜ੍ਹ,27ਜੂਨ(ਵਿਸ਼ਵ ਵਾਰਤਾ)-ਕੋਰੋਨਾ ਦੀ ਦੂਜੀ ਲਹਿਰ ਹੁਣ ਕੁਝ ਕੰਟਰੋਲ ਵਿੱਚ ਦਿਸ ਰਹੀ ਹੈ। ਜਿਸ ਦੇ ਕਾਰਨ ਮਾਪੇ ,ਵਿਦਿਆਰਥੀ ਅਤੇ ਕਈ ਹੋਰਾਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੂੰ ਪਿਛਲੇ ਲਗਭਗ 2ਸਾਲ ਤੋਂ ਬੰਦ ਸਿੱਖਿਆ ਅਦਾਰਿਆਂ ਨੂੰ ਖੋਲ ਦੇਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਕੀ ਸਾਰਾ ਕੁਝ ਹੁਣ ਮਹਾਂਮਾਰੀ ਤੋਂ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਹੀ ਚੱਲ ਰਿਹਾ ਹੈ।
ਅਸ਼ੋਕ ਅਗਰਵਾਲ ਆੱਲ ਇੰਡੀਆ ਪੇਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਲਗਭਗ 30 ਫੀਸਦੀ ਵਿਦਿਆਰਥੀ ਜੋ ਸਕੂਲਾਂ ਵਿੱਚ ਪੜ੍ਹ ਰਹੇ ਸਨ, ਹੁਣ ਪੜ੍ਹਾਈ ਛੱਡ ਚੁੱਕੇ ਹਨ। ਸਰਕਾਰ ਨੂੰ ਇਸ ਮਸਲੇ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਜਾ ਕੇ ਇਹ ਬਾਲ ਮਜ਼ਦੂਰੀ ਅਤੇ ਬੇਰੋਜ਼ਗਾਰੀ ਨੂੰ ਜਨਮ ਦੇਣਗੇ।
ਇਸ ਦੇ ਜਵਾਬ ਵਿੱਚ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਤੱਕ ਕੋਰੋਨਾ ਤੇ ਪੂਰੀ ਤਰ੍ਹਾਂ ਨਾਲ ਨਿਯੰਤਰਣ ਨਹੀਂ ਪਾ ਲਿਆ ਜਾਂਦਾ ਉਦੋਂ ਤੱਕ ਸਕੂਲ ਬੰਦ ਰਹਿਣਗੇ ਪਰ ਆੱਨ ਲਾਈਨ ਪੜ੍ਹਾਈ ਜਾਰੀ ਰਹੇਗੀ ਤਾਂ ਜੋ ਵਿਦਿਆਰਥੀ ਅਤੇ ਅਧਿਆਪਕਾ ਵਿੱਚ ਤਾਲਮੇਲ ਬਣਿਆ ਰਹੇ। ਪਰ ਰਾਜਧਾਨੀ ਦੇ ਨਾਲ ਲੱਗਦੇ ਕਈ ਰਾਜਾਂ ਨੇ ਇਹ ਵੀ ਕਿਹਾ ਸੀ ਕਿ ਉਹ ਜੁਲਾਈ ਵਿੱਚ ਸਕੂਲ ਖੋਲ੍ਹਣਗੇ। ਜਿਸ ਦੇ ਜਵਾਬ ਯੂਨੀਅਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸਾਡਾ ਮੁੱਢਲਾ ਫਰਜ਼ ਹੈ ਅਤੇ ਜਦੋਂ ਤੱਕ ਸਥਿਤੀ ਤੇ ਕਾਬੂ ਨਹੀਂ ਪਾਇਆ ਜਾਂਦਾ, ਉਦੋਂ ਤੱਕ ਸਕੂਲ ਬੰਦ ਰਹਿਣਗੇ।