ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਚੰਡੀਗੜ੍ਹ
ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ ਵਿੱਚ ਹੋਏ ਸ਼ਾਮਿਲ
ਪੜ੍ਹੋ,ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਹੋਰ ਕੌਣ ਕੌਣ ਕਾਨਫਰੰਸ ਵਿੱਚ ਸ਼ਾਮਿਲ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)-: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਹੁੰਚ ਚੁੱਕੇ ਹਨ। ਹਵਾਈ ਅੱਡੇ ਤੋਂ ਸਖਤ ਸੁਰੱਖਿਆ ਦੇ ਵਿਚਕਾਰ ਉਹ ਸਿੱਧਾ ਪੰਜਾਬ ਰਾਜ ਭਵਨ ਪਹੁੰਚੇ। ਜਿੱਥੇ ਸ਼ਾਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਕਾਨਫਰੰਸ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਤੇ ਕਾਨਫਰੰਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਹਾਜਰ ਹਨ।
ਕਾਨਫਰੰਸ ਤੋਂ ਬਾਅਦ ਉਹਨਾਂ ਵੱਲੋ ਸ਼ਹਿਰ ਵਿੱਚ ਚੱਲਣ ਵਾਲੀਆਂ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮੌਲੀ ਜਾਗਰਾਂ ਵਿੱਚ ਬਣੇ ਸਰਕਾਰੀ ਮਾਡਲ ਸਕੂਲ ਦਾ ਉਦਘਾਟਨ ਵੀ ਕਰਨਗੇ। ਉਹ ਪ੍ਰੋਗਰਾਮ ਦੌਰਾਨ ਸ਼ਹਿਰ ਵਿੱਚ 35 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਕੁੱਲ ਤਿੰਨ ਸਕੂਲਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਵਿੱਚ ਸੈਕਟਰ-12 ਪੀਜੀਆਈ ਵਿੱਚ ਸਰਕਾਰੀ ਮਾਡਲ ਹਾਈ ਸਕੂਲ, ਮੌਲੀਜਾਗਰਾਂ ਸਕੂਲ ਤੋਂ ਇਲਾਵਾ ਕਿਸ਼ਨਗੜ੍ਹ ਵਿੱਚ ਸਰਕਾਰੀ ਮਾਡਲ ਮਿਡਲ ਸਕੂਲ ਸ਼ਾਮਲ ਹਨ।
ਇਸ ਤੋਂ ਇਲਾਵਾ ਉਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਅਤੇ ਸੈਕਟਰ 43 ਵਿੱਚ ਜੁਡੀਸ਼ੀਅਲ ਅਕੈਡਮੀ ਦੇ ਵਿਚਕਾਰ ਵਾਲੀ ਗਰਾਊਂਡ ਵਿੱਚ 70 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਲਟੀ ਲੈਵਲ ਪਾਰਕਿੰਗ ਦਾ ਨੀਂਹ ਪੱਥਰ ਵੀ ਰੱਖਣਗੇ। ਸ਼ਾਮ ਨੂੰ ‘ਹਰ ਘਰ ਤਿਰੰਗਾ’ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਸੁਖਨਾ ਝੀਲ ਵਿਖੇ ਲੇਜ਼ਰ ਸ਼ੋਅ ‘ਚ ਵੀ ਉਹ ਵਿਸ਼ੇਸ਼ ਤੌਰ ‘ਤੇ ਪਹੁੰਚਣਗੇ।