ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਮਾਮਲਾ
ਪਹਿਲਵਾਨਾਂ ਦਾ ਜੰਤਰ-ਮੰਤਰ ਤੇ ਧਰਨਾ ਤੀਜੇ ਦਿਨ ਵੀ ਜਾਰੀ
ਖੇਡ ਮੰਤਰੀ ਦੀ ਪਹਿਲਵਾਨਾਂ ਨਾਲ ਥੋੜ੍ਹੀ ਦੇਰ ਵਿੱਚ ਮੁੜ ਹੋਵੇਗੀ ਮੀਟਿੰਗ
ਚੰਡੀਗੜ੍ਹ, 20ਜਨਵਰੀ(ਵਿਸ਼ਵ ਵਾਰਤਾ)-ਭਾਰਤੀ ਪਹਿਲਵਾਨ ਲਗਾਤਾਰ ਤੀਜੇ ਦਿਨ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ ਹੁਣ ਖੇਡ ਮੰਤਰਾਲੇ ਨੇ ਪਹਿਲਵਾਨਾਂ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ WFI ਤੋਂ 72 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਅਜਿਹਾ ਨਾ ਕਰਨ ‘ਤੇ ਕੁਸ਼ਤੀ ਸੰਘ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਗੌਰਤਲਬ ਹੈ ਕਿ ਖੇਡ ਮੰਤਰਾਲੇ ਨੇ ਲਖਨਊ ਵਿੱਚ 18 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਕੁਸ਼ਤੀ ਕੈਂਪ ਨੂੰ ਵੀ ਰੱਦ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਣ ਥੋੜ੍ਹੀ ਦੇਰ ਵਿੱਚ ਖੇਡ ਮੰਤਰੀ ਅਨੁਰਾਗ ਠਾਕੁਰ ਪਹਿਲਵਾਨਾਂ ਨਾਲ ਦੂਜੇ ਦੌਰ ਦੀ ਗੱਲਬਾਤ ਕਰਨਗੇ।
ਦੱਸ ਦਈਏ ਕਿ ਬੀਤੀ ਰਾਤ ਧਰਨੇ ਤੇ ਬੈਠੇ ਪਹਿਲਵਾਨਾਂ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਗੱਲਬਾਤ ਕਰਨ ਅਤੇ ਡਿਨਰ ਲਈ ਆਪਣੀ ਸਰਕਾਰੀ ਰਿਹਾਇਸ਼ ‘ਤੇ ਬੁਲਾਇਆ। ਇਸ ਮੌਕੇ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਰਵੀ ਦਹੀਆ, ਦੀਪਕ ਪੂਨੀਆ, ਬਬੀਤਾ ਫੋਗਾਟ ਸਮੇਤ ਕਈ ਪਹਿਲਵਾਨ 4 ਗੱਡੀਆਂ ‘ਚ ਪਹੁੰਚੇ ਸਨ। ਇਹ ਮੀਟਿੰਗ ਰਾਤ 10 ਵਜੇ ਸ਼ੁਰੂ ਹੋਈ ਅਤੇ ਕਰੀਬ ਸਾਢੇ ਚਾਰ ਘੰਟੇ ਚੱਲੀ। ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਦੇ ਜਵਾਬ ਦਾ ਇੰਤਜ਼ਾਰ ਕਰਨ ਲਈ ਕਿਹਾ ਸੀ।
ਹੁਣ ਥੋੜ੍ਹੀ ਦੇਰ ‘ਚ ਖੇਡ ਮੰਤਰੀ ਮੁੜ ਪਹਿਲਵਾਨਾਂ ਨਾਲ ਨਾਲ ਮੀਟਿੰਗ ਕਰਨਗੇ।
ਦੱਸ ਦਈਏ ਕਿ ਜੰਤਰ-ਮੰਤਰ ‘ਤੇ ਚੱਲ ਰਹੇ ਧਰਨੇ ‘ਚ ਹਰਿਆਣਾ ਦੀਆਂ ਖਾਪ ਪੰਚਾਇਤਾਂ ਵੀ ਪਹੁੰਚ ਸਕਦੀਆਂ ਹਨ। ਫੋਗਾਟ ਖਾਪ ਦੇ ਸੱਦੇ ‘ਤੇ ਬੀਤੇ ਦਿਨ ਸਰਬ-ਜਾਤੀ ਸਰਵ ਖਾਪ ਪੰਚਾਇਤ ਹੋਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਪਹਿਲਵਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਖਾਪ ਪੰਚਾਇਤਾਂ ਦੋ ਦਿਨਾਂ ਵਿੱਚ ਧਰਨੇ ਵਿੱਚ ਸ਼ਾਮਲ ਹੋਣਗੀਆਂ।