ਕੀ ਕਹਿੰਦੀ ਹੈ ਬਰਖ਼ਾਸਤ ਮੰਤਰੀ ਵਿਜੇ ਸਿੰਗਲਾ ਖਿਲਾਫ ਦਰਜ ਹੋਈ ਐਫਆਈਆਰ
ਮੰਤਰੀ ਕਿਹੜੇ ਅਫਸਰ ਰਾਹੀਂ ਲੈਂਦਾ ਸੀ ਰਿਸ਼ਵਤ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,24 ਮਈ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕੀਤੇ ਗਏ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਵਿੱਚ ਬਰਖਾਸਤ ਮੰਤਰੀ ਸਿੰਗਲਾ ’ਤੇ ਆਪਣੇ ਓਐਸਡੀ ਪ੍ਰਦੀਪ ਕੁਮਾਰ ਰਾਹੀਂ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਹੈ ਅਤੇ ਇਹ ਕਾਰਵਾਈ ਮੋਹਾਲੀ ‘ਚ ਤਾਇਨਾਤ ਸੁਪਰਡੈਂਟ ਇੰਜੀਨੀਅਰ(ਐਸਈ) ਰਜਿੰਦਰ ਸਿੰਘ ‘ਵੱਲੋਂ ਕਮਿਸ਼ਨ ਅਤੇ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਜਿਸ ਤੋਂ ਬਾਅਦ ਵਿਜੇ ਸਿੰਗਲਾ ਖਿਲਾਫ ਮੋਹਾਲੀ ਦੇ ਫ਼ੇਜ-8 ਥਾਣੇ ਵਿੱਚ ਮਾਮਲਾ ਦਰਜ ਉਸਨੂੰ ਗ੍ਰਿਫਤਾਰ ਕਰਕੇ ਹਿਰਾਸਤ ‘ਚ ਰੱਖਿਆ ਗਿਆ ਹੈ।
ਐਸ.ਈ ਰਜਿੰਦਰ ਸਿੰਘ ਅਨੁਸਾਰ ਸਿਹਤ ਮੰਤਰੀ ਸਿੰਗਲਾ ਨੇ ਇੱਕ ਮਹੀਨਾ ਪਹਿਲਾਂ ਉਸਨੂੂੰ ਪੰਜਾਬ ਭਵਨ ਦੇ ਕਮਰਾ ਨੰਬਰ 203 ਵਿੱਚ ਬੁਲਾਇਆ ਅਤੇ ਕਿਹਾ ਕਿ ਮੈਂ ਜਲਦੀ ਵਿੱਚ ਹਾਂ ਇਸ ਲਈ ਮੈਂ ਕਿਤੇ ਜਾ ਰਿਹਾ ਹਾਂ। ਇਸ ਦੌਰਾਨ ਮੰਤਰੀ ਦਾ ਓਐਸਡੀ ਪ੍ਰਦੀਪ ਕੁਮਾਰ ਵੀ ਉਸੇ ਕਮਰੇ ਵਿੱਚ ਮੌਜੂਦ ਸੀ। ਜਾਣ ਤੋਂ ਪਹਿਲਾਂ ਮੰਤਰੀ ਸਿੰਗਲਾ ਨੇ ਕਿਹਾ ਕਿ ਜੋ ਕੁੱਝ ਵੀ ਪ੍ਰਦੀਪ ਕਹੇਗਾ, ਸਮਝੋ ਮੈਂ ਹੀ ਕਹਿ ਰਿਹਾ ਹਾਂ, ਇਹ ਕਹਿੰਦੇ ਹੋਏ ਕਮਰੇ ‘ਚ ਮੌਜੂਦ ਓ.ਐੱਸ.ਡੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਤੁਹਾਡੇ ਦਫ਼ਤਰ ਨੂੰ 41 ਕਰੋੜ ਦੀ ਕੰਸਟ੍ਰਕਸ਼ਨ ਅਲਾਟਮੈਂਟ ਜਾਰੀ ਹੋ ਚੁੱਕੀ ਹੈ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੀ ਅਦਾਇਗੀ ਵੀ ਹੋ ਚੁੱਕੀ ਹੈ। ਕੁੱਲ ਮਿਲਾ ਕੇ ਇਹ 58 ਕਰੋੜ ਬਣਦਾ ਹੈ, ਜਿਸ ਦਾ 2% ਭਾਵ ਇੱਕ ਕਰੋੜ 16 ਲੱਖ ਰੁਪਏ ਕਮਿਸ਼ਨ ਉਹਨਾਂ ਨੂੰ ਯਾਨਿ ਕਿ ਮੰਤਰੀ ਅਤੇ ਓਐਸਡੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਜਿਸ ਲਈ ਐਸ.ਈ ਰਜਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ.. ਨਾਲ ਹੀ ਕਿਹਾ ਕਿ ਬੇਸ਼ੱਕ ਮੈਨੂੰ ਮੇਰੇ ਪੁਰਾਣੇ ਵਿਭਾਗ ਵਿੱਚ ਭੇਜ ਦਿੱਤਾ ਜਾਵੇ.. ਜਿਸ ਤੋਂ ਬਾਅਦ ਓਐਸਡੀ ਵੱਲਂ ਵਾਰ ਵਾਰ ਵਟਸਐਪ ਕਾਲਾਂ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾਣ ਲੱਗੀ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਐਸ.ਈ ਰਜਿੰਦਰ ਸਿੰਘ ਦਾ ਕੈਰੀਅਰ ਖਰਾਬ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਣ ਲੱਗੀਆਂ । ਐਫਆਈਆਰ ਅਨੁਸਾਰ 20 ਮਈ ਨੂੰ ਐਸਈ ਰਜਿੰਦਰ ਸਿੰਘ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਉਸ ਨੂੰ ਹੋਰ ਅਲਾਟਮੈਂਟ ਦਾ 1% ਕਮਿਸ਼ਨ ਦੇਣ ਲਈ ਕਿਹਾ ਗਿਆ ਸੀ। ਦੱਸ ਦਈਏ ਕਿ ਰਾਜਿੰਦਰ ਸਿੰਘ ਇਸ ਸਾਲ 30 ਨਵੰਬਰ ਨੂੰ ਸੇਵਾਮੁਕਤ ਹੋਣ ਵਾਲੇ ਹਨ।