– ਸਰਕਾਰ ਵੱਲੋਂ ਕਿਸਾਨ ਕਰਜਾ ਮੁਆਫੀ ਲਈ 1.15 ਲੱਖ ਕੇਸਾਂ ‘ਚ 748 ਕਰੋਡ਼ ਰੁਪਏ ਦੀ ਪ੍ਰਵਾਨਗੀ
– ਬਲਾਚੌਰ ਵਿਖੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਘਈ ਦੇ ਅਹੁਦਾ ਸੰਭਾਲ ਸਮਾਗਮ ਵਿੱਚ ਪੁੱਜੇ
– ਵਿਧਾਇਕ ਚੌ. ਦਰਸ਼ਨ ਲਾਲ ਤੇ ਅੰਗਦ ਸਿੰਘ ਵੱਲੋਂ ਕਾਂਗਰਸ ‘ਚ ਵਿਸ਼ਵਾਸ਼ ਪ੍ਰਗਟਾਉਣ ਲਈ ਧੰਨਵਾਦ
ਬਲਾਚੌਰ, 11 ਜਨਵਰੀ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ ਮੁਆਫੀ ਦੀ ਸ਼ੁਰੂਆਤ ਕਰਕੇ ਇੱਕ ਚੰਗਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਪਡ਼ਾਅਵਾਰ ਪੰਜ-ਪੰਜ ਏਕਡ਼ ਵਾਲੇ ਕਿਸਾਨਾਂ ਦੀ ਕਰਜ ਮੁਆਫੀ ਦਾ ਫੈਸਲਾ ਲਿਆ ਗਿਆ ਹੈ, ਜਿਸ ਦੇ ਦੂਜੇ ਪਡ਼ਾਅ ਵਿੱਚ ਕਿਸਾਨਾਂ ਦੇ 580 ਕਰੋਡ਼ ਰੁਪਏ ਦੇ ਹੋਰ ਕਰਜੇ ਮੁਆਫ ਕੀਤੇ ਜਾਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਨਾਲ 7 ਜਨਵਰੀ ਤੋਂ ਸ਼ੁਰੂ ਹੋਈ ਕਰਜਾ ਮੁਆਫੀ ਪ੍ਰਕਿਰਿਆ ਤਹਿਤ ਸੂਬੇ ਭਰ ਵਿੱਚ 1.5 ਲੱਖ ਕੇਸਾਂ ਵਿੱਚ 748 ਕਰੋਡ਼ ਰੁਪਏ ਦੀ ਰਾਹਤ ਕਿਸਾਨਾਂ ਨੂੰ ਮਿਲ ਜਾਵੇਗੀ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਨਗਰ ਕੌਂਸਲ ਬਲਾਚੌਰ ਵਿੱਚ ਕੌਂਸਲ ਦੇ ਨਵੇਂ ਚੁਣੇ ਗਏ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਅਤੇ ਸੀਨੀਅਰ ਮੀਤ ਪ੍ਰਧਾਨ ਅਨੀਤਾ ਰਾਣਾ ਦੇ ਅਹੁਦਾ ਸੰਭਾਲਣ ਮੌਕੇ ਕੀਤੇ ਗਏ ਇੱਕ ਭਰਵੇਂ ਤੇ ਪ੍ਰਭਾਵਸ਼ਾਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਜਿਹਡ਼ੇ ਨੁਮਾਇੰਦਿਆਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਤੋਂ ਅਸੀਂ ਬੇਹਤਰੀਨ ਕਾਰਗੁਜ਼ਾਰੀ ਦੀ ਆਸ ਰੱਖਦੇ ਹਾਂ। ਉਨ੍ਹਾਂ ਕਿ ਸਰਕਾਰ ਅਤੇ ਸਥਾਨਕ ਸੰਸਥਾਂਵਾਂ ਵਿੱਚ ਬੇਹਤਰ ਤਾਲਮੇਲ ਹੋਣ ਦੇ ਨਾਲ ਸ਼ਹਿਰੀ ਵਿਕਾਸ ਦੀ ਦਿਸ਼ਾ ਵਿੱਚ ਤੇਜੀ ਲਿਆਂਦੀ ਜਾ ਸਕਦੀ ਹੈ। ਬਲਾਚੌਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਸ਼ਹਿਰੀ ਚੋਣਾਂ ਦੌਰਾਨ ਚੌ. ਦਰਸ਼ਨ ਲਾਲ ਮੰਗੂਪੁਰ ਦੇ ਉਮੀਦਵਾਰਾਂ ਨੂੰ ਚੋਣਾਂ ਵਿੱਚ ਬੇਮਿਸਾਲ ਹੁੰਗਾਰਾ ਦੇ ਕੇ ਇਸ ਸ਼ਹਿਰ ਦੇ ਲਗਪਗ ਦੋ ਦਹਾਕਿਆਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਲੀਹ ‘ਤੇ ਲੈ ਆਂਦਾ ਹੈ। ਹੁਣ ਸਥਾਨਕ ਵਿਧਾਇਕ ਅਤੇ ਕੌਂਸਲਰਾਂ ਦੀ ਟੀਮ ਦੀ ਜਿੰਮੇਂਵਾਰੀ ਹੈ ਕਿ ਉਹ ਇਸ ਇਲਾਕੇ ਦੇ ਲੋਕਾਂ ਦੀਆਂ ਆਸਾਂ ‘ਤੇ ਖਰੇ ਉਤਰਣ। ਉਨ੍ਹਾਂ ਕਿਹਾ ਕਿ ਬਲਾਚੌਰ ਦੇ ਵਿਕਾਸ ਲਈ ਜਦੋਂ ਵੀ ਉਨ੍ਹਾਂ ਦੀ ਕੋਈ ਜਿੰਮੇਂਵਾਰੀ ਲਗਾਈ ਜਾਵੇਗੀ ਤਾਂ ਉਹ ਪੂਰੀ ਸੰਜੀਦਗੀ ਨਾਲ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਬਲਾਚੌਰ ਅਤੇ ਨਵਾਂਸ਼ਹਿਰ ਦੇ ਵਿਧਾਇਕ, ਪੰਜਾਬ ਦੇ ਮੁੱਖ ਮੰਤਰੀ ਦੇ ਬੇਹੱਦ ਨਜ਼ਦੀਕੀ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ ਹੋਇਆ ਹੈ।
ਵਿਧਾਇਕ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਬਲਾਚੌਰ ਵਿੱਚ ਚੁਣੇ ਗਏ ਕੌਂਸਲਰਾਂ ਦੀ ਟੀਮ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪਿਛਲੇ ਇੱਕ ਦਹਾਕੇ ਤੋਂ ਸ਼ਹਿਰ ਦੇ ਵਿੱਚ ਜੋ ਵੀ ਵਿਕਾਸ ਕਾਰਜ ਅਧੂਰੇ ਪਏ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਦਾ ਕਾਂਗਰਸ ਵਿੱਚ ਵਿਸ਼ਵਾਸ਼ ਪ੍ਰਗਟਾਉਣ ਲਈ
ਧੰਨਵਾਦ ਵੀ ਪ੍ਰਗਟਾਇਆ।
ਵਿਧਾਇਕ ਅੰਗਦ ਸਿੰਘ ਨਵਾਂਸ਼ਹਿਰ ਨੇ ਕਿਹਾ ਕਿ ਸਥਾਨਕ ਸਰਕਾਰ ਮਹਿਕਮਾ ਸ਼ਹਿਰੀ ਵਿਕਾਸ ਦਾ ਮੁੱਖ ਸੂਤਰਧਾਰ ਹੈ ਅਤੇ ਇਸ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ ਸਥਾਨਕ ਪੱਧਰ ‘ਤੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਵੱਡੀ ਜ਼ਿੰਮੇਂਵਾਰੀ ਹੁੰਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਜਗਜੀਤ ਸਿੰਘ, ਡੀ.ਐਸ.ਪੀ. ਅਨਿਲ ਕੁਮਾਰ ਕੋਹਲੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਰਾਣਾ ਕੁਲਦੀਪ ਸਿੰਘ ਜਾਡਲਾ, ਪ੍ਰੇਮ ਚੰਦ ਭੀਮਾ ਮੀਡੀਆ ਪੈਨੇਲਿਸਟ ਪ੍ਰਦੇਸ਼ ਕਾਂਗਰਸ, ਲਲਿਤ ਮੋਹਨ ਪਾਠਕ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਈ.ਓ. ਅਵਤਾਰ ਚੰਦ, ਐਨ.ਆਰ.ਆਈ. ਜੁਝਾਰ ਸਿੰਘ ਪੁੰਨੂ ਮਜਾਰਾ, ਮੋਹਨ ਸਿੰਘ
ਦਿਆਲਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਦਨ ਲਾਲ ਹਕਲਾ ਮੈਂਬਰ ਪ੍ਰਦੇਸ਼ ਕਾਂਗਰਸ ਕਮੇਟੀ, ਸੰਦੀਪ ਭਾਟੀਆ ਜਨਰਲ ਸਕੱਤਰ ਪ੍ਰਦੇਸ਼ ਯੂਥ ਕਾਂਗਰਸ, ਹਰਜੀਤ ਸਿੰਘ ਜਾਡਲੀ ਪ੍ਰਧਾਨ ਬਲਾਕ ਕਾਂਗਰਸ ਬਲਾਚੌਰ, ਰਜਿੰਦਰ ਸਿੰਘ ਸ਼ਿੰਦੀ ਪ੍ਰਧਾਨ ਸ਼ਹਿਰੀ ਕਾਂਗਰਸ ਬਲਾਚੌਰ, ਤਿਲਕ ਰਾਜ ਸੂਦ ਪ੍ਰਧਾਨ ਬਲਾਕ ਕਾਂਗਰਸ ਸਡ਼ੋਆ, ਤਰਸੇਮ ਲਾਲ ਸਾਬਕਾ ਚੇਅਰਮੈਨ ਪੀ.ਏ.ਡੀ.ਬੀ., ਪਰੇਮ ਚੰਦ ਚੌਹਾਨ ਸਰਪੰਚ, ਮੋਹਨ ਲਾਲ ਮੋਹਣ ਮਾਜਰਾ, ਸੁਰਿੰਦਰ ਕੁਮਾਰ ਸ਼ਿੰਦਾ ਮੈਂਬਰ ਬਲਾਕ ਸਮਿਤੀ, ਬਹਾਦਰ ਸਿੰਘ ਬਿਛੌਡ਼ੀ, ਸੁਰਿੰਦਰ ਸਿੰਘ ਫ਼ਤਿਹਪੁਰ, ਡਾ. ਆਈ.ਐਮ. ਕਟਾਰੀਆ, ਨਿਰਮਲਾ ਰਾਣੀ, ਨੀਨਾ ਰਾਣੀ, ਗੁਰਮੀਤ ਸਿੰਘ ਸਾਬਕਾ ਕੌਂਸਲਰ, ਬੀ.ਕੇ. ਸ਼ਰਮਾ ਅਤੇ ਕੌਂਸਲਰਾਂ ਵਿੱਚ ਸੋਮ ਨਾਥ, ਨਰੇਸ਼ ਕੁਮਾਰ, ਪਰਮਿੰਦਰ ਮੇਨਕਾ, ਲਾਲ ਬਹਾਦਰ ਗਾਂਧੀ,
ਕੁਲਦੀਪ ਕੌਰ, ਬਲਵਿੰਦਰ ਕੌਰ, ਸਵਿਤਾ ਬਜਾਜ, ਸੋਢੀ ਸਿੰਘ, ਰੇਖਾ ਰਾਣੀ, ਬੀਰਤਾ ਰਾਣੀ ਮੌਜੂਦ ਸਨ।