ਕਿਸਾਨ ਅੰਦੋਲਨ 2.0 ਦਾ ਅੱਜ 10ਵਾਂ ਦਿਨ
ਕਿਸਾਨਾਂ ਨੇ ਦਿੱਲੀ ਵੱਲ ਮਾਰਚ 2 ਦਿਨਾਂ ਲਈ ਕੀਤਾ ਮੁਲਤਵੀ- ਅਗਲੀ ਰਣਨੀਤੀ ਕਰਨਗੇ ਤਿਆਰ
ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਤੇ ਪਾਬੰਦੀ ਵਧੀ
ਚੰਡੀਗੜ੍ਹ,22ਫਰਵਰੀ(ਵਿਸ਼ਵ ਵਾਰਤਾ)- ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡਾ ਅੰਦੋਲਨ ਕੀਤਾ ਜਾ ਰਿਹਾ ਹੈ। ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ। ਫਿਲਹਾਲ ਕਿਸਾਨਾਂ ਨੇ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ। ਕਿਸਾਨਾਂ ਨੇ ਇਹ ਫੈਸਲਾ ਬੀਤੇ ਦਿਨ ਹੋਏ ਘਟਨਾ ਕ੍ਰਮ ਤੋਂ ਬਾਅਦ ਲਿਆ ਹੈ। ਕਿਉਂਕਿ ਬੀਤੇ ਦਿਨ ਅੰਦੋਲਨ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਅਤੇ ਖਨੌਰੀ ਸਰਹੱਦ ‘ਤੇ ਤਣਾਅਪੂਰਨ ਸਥਿਤੀ ਰਹੀ। ਜ਼ਿਕਰਯੋਗ ਹੈ ਕਿ ਕੇਂਦਰ ਨਾਲ ਕਿਸਾਨ ਆਗੂਆਂ ਦੀ ਚੌਥੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਨੇ ਕੱਲ੍ਹ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਪੁਲੀਸ ਨੇ ਲਗਾਤਾਰ ਕਿਸਾਨ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ ਕਿਸਾਨ ਹਰਿਆਣਾ ਵਿੱਚ ਦਾਖ਼ਲ ਨਹੀਂ ਹੋ ਸਕੇ। ਸ਼ਾਮ ਤੱਕ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਸਥਿਤੀ ਤਣਾਅਪੂਰਨ ਰਹੀ। ਸ਼ੰਭੂ ਸਰਹੱਦ ‘ਤੇ ਅੱਥਰੂ ਗੈਸ ਦੇ ਧੂੰਏਂ ਕਾਰਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਵਿਗੜ ਗਈ। ਡੱਲੇਵਾਲ ਨੂੰ ਰਾਤ ਨੂੰ ਹੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਧਰ ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ. ਚੜੂਨੀ) ਨੇ ਅੱਜ ਦੁਪਹਿਰ 12 ਤੋਂ 2 ਵਜੇ ਤੱਕ ਸੜਕ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਹਿਸਾਰ, ਜੀਂਦ, ਫਤਿਹਾਬਾਦ, ਸਿਰਸਾ ਸ਼ਾਮਲ ਹਨ।