ਕਿਸਾਨ ਅੰਦੋਲਨ 2.0- ਕਿਸਾਨਾਂ ਦਾ ਦਿੱਲੀ ਵੱਲ ਮਾਰਚ ਦੋ ਦਿਨਾਂ ਲਈ ਮੁਲਤਵੀ
ਚੰਡੀਗੜ੍ਹ,21ਫਰਵਰੀ(ਵਿਸ਼ਵ ਵਾਰਤਾ)-ਕਿਸਾਨਾਂ ਵੱਲੋਂ 13 ਫਰਵਰੀ ਤੋਂ ਦਿੱਲੀ ਵੱਲ ਕੂਚ ਜਾਰੀ ਹੈ। ਕਿਸਾਨ ਦਿੱਲੀ ਜਾਣ ਲਈ ਸ਼ੰਭੂ ਬਾਰਡਰ ਤੇ ਲਗਾਤਾਰ 9 ਦਿਨ ਤੋਂ ਡਟੇ ਹੋਏ ਹਨ। ਇਸ ਦੇ ਚਲਦਿਆਂ ਅੱਜ ਜਦੋਂ ਸਵੇਰੇ 11 ਵਜੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਵਧਣਾ ਚਾਹਿਆ ਤਾਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ , ਇਸ ਦੌਰਾਨ ਸ਼ੰਭੂ ਤੇ ਖਨੌਰੀ ਸਰਹੱਦ ਤੇ ਸਥਿਤੀ ਕਾਫੀ ਤਨਾਅਪੂਰਨ ਹੋ ਗਈ। ਇਸ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਆਪਣੀ ਯੋਜਨਾ 2 ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਅਗਲੇ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਖਨੌਰੀ ਸਰਹੱਦ ‘ਤੇ ਕਿਸਾਨ ਦੀ ਮੌਤ ਅਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਲਿਆ ਹੈ। ਗੌਰਤਲਬ ਹੈ ਕਿ ਇੱਥੇ ਖਨੌਰੀ ਸਰਹੱਦ ‘ਤੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਕਿਸਾਨ ਬਠਿੰਡਾ, ਦਾ ਵਸਨੀਕ ਸੀ। ਉਸ ਤੋਂ ਇਲਾਵਾ 12 ਹੋਰ ਕਿਸਾਨ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਿੱਲੀ ਕੂਚ ਦੇ ਦੋ ਦਿਨਾਂ ਲਈ ਮੁਲਤਵੀ ਹੋਣ ਦੇ ਫੈਸਲੇ ਤੋਂ ਬਾਅਦ ਖਨੌਰੀ-ਦਾਤਾਸਿੰਘਵਾਲਾ ਸਰਹੱਦ ‘ਤੇ ਕਿਸਾਨਾਂ ਵੱਲੋਂ ਚਿੱਟਾ ਝੰਡਾ ਲਹਿਰਾਇਆ ਗਿਆ, ਜਿਸ ਦੇ ਜਵਾਬ ‘ਚ ਪ੍ਰਸ਼ਾਸਨ ਨੇ ਵੀ ਚਿੱਟਾ ਝੰਡਾ ਲਹਿਰਾਇਆ। ਫਿਲਹਾਲ ਦੋਵਾਂ ਪਾਸਿਆਂ ਤੋਂ ਸ਼ਾਂਤੀ ਬਣੀ ਹੋਈ ਹੈ।