ਕਿਸਾਨ ਅੰਦੋਲਨ 2.0
ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ- ਸਥਿਤੀ ਤਨਾਅਪੂਰਨ
ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ ਤੇ ਚਲਾਈਆਂ ਰਬੜ ਦੀਆਂ ਗੋਲੀਆਂ
ਚੰਡੀਗੜ੍ਹ,21ਫਰਵਰੀ(ਵਿਸ਼ਵ ਵਾਰਤਾ)- 13 ਫਰਵਰੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਅੱਜ 9ਵੇਂ ਦਿਨ ਵੀ ਜਾਰੀ ਹੈ। ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਥਾਵਾਂ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪਾਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਇਸ ਕਿਸਾਨ ਅੰਦੋਲਨ ਨੂੰ ਰੋਕਣ ਲਈ ਹੁਣ ਤੱਕ 4 ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਕਿ ਹਰ ਵਾਰ ਬੇਸਿੱਟਾ ਰਹੀਆਂ ਹਨ।
ਖਨੌਰੀ ‘ਚ ਸਥਿਤੀ ਤਨਾਅਪੂਰਨ ਹੋ ਗਈ ਹੈ, ਇੱਥੇ ਅੱਥਰੂ ਗੈਸ ਦੇ ਕਈ ਗੋਲੇ ਛੱਡੇ ਗਏ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ। ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕੋਆਰਡੀਨੇਟਰ ਸਰਵਨ ਪੰਧੇਰ ਨੇ ਦੱਸਿਆ ਕਿ ਖਨੌਰੀ ਤੋਂ ਇਕ ਕਿਸਾਨ ਦੀ ਮੌਤ ਦੀ ਸੂਚਨਾ ਆ ਰਹੀ ਹੈ। ਹਾਲਾਂਕਿ ਪੁਲਿਸ ਜਾਂ ਪ੍ਰਸ਼ਾਸਨ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਕਈ ਵਾਰ ਡਰੋਨਾਂ ਤੋਂ ਅੱਥਰੂ ਗੈਸ ਛੱਡੀ। ਆਪਣੇ ਆਪ ਨੂੰ ਬਚਾਉਣ ਲਈ, ਕਿਸਾਨਾਂ ਨੇ ਵਿਸ਼ੇਸ਼ ਮਾਸਕ, ਗਿੱਲੀਆਂ ਬੋਰੀਆਂ ਅਤੇ ਚਸ਼ਮੇ ਪਹਿਨੇ ਸਨ। ਇਸ ਦੌਰਾਨ ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਸੱਦਾ ਦਿੱਤਾ ਹੈ। ਸ਼ੰਭੂ ਬਾਰਡਰ ‘ਤੇ ਹੋਈ ਮੀਟਿੰਗ ‘ਚ ਕਿਸਾਨ ਕੇਂਦਰ ਦੇ ਪ੍ਰ ‘ਤੇ ਵਿਚਾਰ ਕਰ ਰਹੇ ਹਨ। ਕੁਝ ਸਮੇਂ ਬਾਅਦ ਕਿਸਾਨ ਪ੍ਰੈਸ ਕਾਨਫਰੰਸ ਕਰਕੇ ਫੈਸਲੇ ਬਾਰੇ ਜਾਣਕਾਰੀ ਦੇਣਗੇ।