ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਰਹਿਣ ਵਾਲੇ ਲਖੀਮਪੁਰ ਖੀਰੀ ਸਮੇਤ ਯੂ.ਪੀ ਦੇ 9 ਜ਼ਿਲ੍ਹਿਆਂ ਵਿੱਚ ਅੱਜ ਹੋ ਰਹੀਆਂ ਹਨ ਚੋਣਾਂ
ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਮਤਦਾਨ
ਚੰਡੀਗੜ੍ਹ,23 ਫਰਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਦੌਰਾਨ ਹੋਈ ਹਿੰਸਕ ਘਟਨਾ ਲਈ ਪਿਛਲੇ ਸਾਲ ਚਰਚਾ ਵਿੱਚ ਰਹਿਣ ਵਾਲੇ ਲਖੀਮਪੁਰ ਖੀਰੀ ਸਮੇਤ ਅੱਜ ਉੱਤਰ ਪ੍ਰਦੇਸ਼ ਦੇ ਨੌਂ ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ ਲਈ ਸਵੇਰੇ ਵੋਟਿੰਗ ਸ਼ੁਰੂ ਹੋ ਗਈ।ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।ਚੋਣ ਕਮਿਸ਼ਨ ਮੁਤਾਬਕ 1.14 ਕਰੋੜ ਪੁਰਸ਼ ਅਤੇ 99.3 ਲੱਖ ਔਰਤਾਂ ਸਮੇਤ 2.3 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ, ਜਿਨ੍ਹਾਂ ਲਈ 24,643 ਪੋਲਿੰਗ ਬੂਥ ਅਤੇ 13,817 ਪੋਲਿੰਗ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪੋਲਿੰਗ ਹੋ ਰਹੀ ਹੈ, ਉਨ੍ਹਾਂ ਵਿੱਚ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਓ, ਲਖਨਊ, ਰਾਏਬਰੇਲੀ, ਬਾਂਦਾ ਅਤੇ ਫਤਿਹਪੁਰ ਸ਼ਾਮਲ ਹਨ। ਦੱਸ ਦਈਏ ਕਿ ਲਖੀਮਪੁਰ ਖੀਰੀ ਉਹ ਜ਼ਿਲ੍ਹਾ ਹੈ ਜਿੱਥੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਕਥਿਤ ਤੌਰ ਤੇ ਕਿਸਾਨਾਂ ਨੂੰ ਗੱਡੀ ਨਾਲ ਕੁਚਲ ਦਿੱਤਾ ਸੀ। ਇਸ ਹਿੰਸਕ ਘਟਨਾ ਵਿੱਚ ਭਾਜਪਾ ਵਰਕਰਾਂ,ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ।