ਕਿਸਾਨ ਅੰਦੋਲਨ ਦੇ 120 ਦਿਨ ਪੂਰੇ: 2 ਜੁਲਾਈ ਨੂੰ ਭਾਜਪਾ ਨੂੰ ਛੱਡਕੇ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟਸ ਨੂੰ ਦਿੱਤੇ ਜਾਣੇ ਮੰਗ ਪੱਤਰ
ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ)- ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਦੀ ਕੜਕਦੀ ਸਰਦੀ ਵਿੱਚ ਸ਼ੁਰੂ ਹੋਇਆ ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ 120ਵੇਂ ਦਿਨ ਤਿਲਮਿਲਾਓਂਦੀ ਗਰਮੀ ਵਿੱਚ ਵੀ ਜਾਰੀ ਹੈ। ਇਸ ਮੌਕੇ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਕਿਸਾਨਾਂ ਮਜਦੂਰਾਂ ਤੇ ਤਸ਼ੱਦਦ ਕਰਨ ਅਤੇ ਕਿਸਾਨ ਮਜਦੂਰਾਂ ਦੀਆਂ ਮੰਨੀਆ ਹੋਈਆਂ ਮੰਗਾਂ ਤੋਂ ਭੱਜਣ ਕਾਰਨ ਅੱਜ ਭਾਜਪਾ ਦੀ ਐਨ ਡੀ ਏ ਵਿੱਚ ਸਥਿਤੀ ਅਸਮੰਜਸ਼ ਵਾਲੀ ਬਣੀ ਹੋਈ ਹੈ। ਓਹਨਾ ਕਿਹਾ ਕਿ ਜਿੰਨੀ ਦੇਰ ਸਰਕਾਰ ਇਸ ਅੰਦੋਲਨ ਦੀਆਂ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਨਹੀਂ ਸੋਚਦੀ ਓਨੀ ਦੇਰ ਇਹ ਸੰਘਰਸ਼ ਜਾਰੀ ਰਹੇਗਾ। ਓਹਨਾ ਜਾਣਕਾਰੀ ਦਿੱਤੀ ਕਿ 2 ਜੁਲਾਈ ਨੂੰ ਅੰਦੋਲਨ ਦੀਆਂ ਮੰਗਾਂ ਨੂੰ ਲੈ ਕੇ ਭਾਜਪਾ ਦੇ ਮੈਂਬਰ ਪਾਰਲੀਮੈਂਟਾਂ ਨੂੰ ਛੱਡ ਕੇ ਦੇਸ਼ ਭਰ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਚਿੱਠੀ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਮੰਗਾਂ ਨੂੰ ਲੈ ਪ੍ਰਾਈਵੇਟ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇ। ਇਸ ਮੌਕੇ ਬਲਵੰਤ ਸਿੰਘ ਮਹਿਰਾਜ, ਗੁਰਦੇਵ ਸਿੰਘ ਗੱਜੂ ਮਾਜਰਾ, ਸੁਰਜੀਤ ਸਿੰਘ, ਮੁਖਤਿਆਰ ਸਿੰਘ, ਜਰਮਨਜੀਤ ਸਿੰਘ ਬੰਡਾਲਾ, ਬਲਕਾਰ ਸਿੰਘ ਬੈਂਸ ਹਾਜ਼ਿਰ ਰਹੇ, ਸਟੇਜ ਸਕੱਤਰ ਦੀ ਭੂਮਿਕਾ ਜੁਗਰਾਜ ਸਿੰਘ ਨੇ ਨਿਭਾਈ।