ਕਿਸਾਨ ਅੰਦੋਲਨ ਦਾ 90 ਵਾਂ ਦਿਨ
ਦੁਨੀਆ ਭਰ ਦੇ ਲੋਕਾਂ ਦੀ ਸੰਘਰਸ਼ ਨੂੰ ਹਿਮਾਇਤ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦੀ ਸਭਨਾਂ ਵੱਲੋਂ ਸਖ਼ਤ ਨਖੇਧੀ
ਪ੍ਰਦਰਸ਼ਨ ਕਰਨ ਵਾਲੇ ਲੋਕ ਪੀੜ ਨਹੀਂ ਅੰਨਦਾਤਾ ਹਨ – ਸੰਯੁਕਤ ਮੋਰਚਾ
ਅਮਰੀਕਾ ਦੀਆਂ 87 ਜਥੇਬੰਦੀਆਂ ਨੇ ਕਿਸਾਨ ਮੋਰਚੇ ਦੀ ਕੀਤੀ ਹਿਮਾਇਤ
ਆਸਟ੍ਰੇਲੀਆ ਵਿੱਚ ਵੀ ਹੋਈ ਟ੍ਰੈਕਟਰ ਰੈਲੀ – ਡਾ ਦਰਸ਼ਨ ਪਾਲ
ਚੰਡੀਗੜ੍ਹ 22 ਫ਼ਰਵਰੀ ( ਵਿਸ਼ਵ ਵਾਰਤਾ )ਸੰਯੁਕਤ ਕਿਸਾਨ ਮੋਰਚਾ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਤਰੀ ਨੇ ਕਿਸਾਨਾਂ ਦੇ ਇੱਕਜੁੱਟ ਇਕੱਠ ਨੂੰ ਭੀੜ ਕਹਿਕੇ ਅਪਮਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋਹ ਹੈ, ਜੋ ਸੰਘਰਸ਼ ‘ਚ ਬਦਲ ਗਿਆ ਹੈ। ਅੱਜ ਦੁਨੀਆਂ ਭਰ ਲੋਕ ਦੇ ਇਸ ਸੰਘਰਸ਼ ਨੂੰ ਹਮਾਇਤ ਦੇ ਰਹੇ ਹਨ। ਪ੍ਰਦਰਸ਼ਨ ਕਰਨ ਵਾਲੇ ਲੋਕ “ਭੀੜ” ਨਹੀਂ, “ਅੰਨਦਾਤਾ” ਹਨ, ਇਹੀ ਲੋਕ ਸਰਕਾਰਾਂ ਚੁਣਦੇ ਹਨ।
ਸਰਕਾਰ ਲਈ ਇਹ ਅੰਦੋਲਨ ਸਿਰਦਰਦੀ ਬਣਿਆ ਹੋਇਆ ਹੈ। ਪਰ ਅੰਦੋਲਨ ਦੇ ਸਮਰਥਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰਾਮਪੁਰ, ਉੱਤਰਖੰਡ ਦੇ ਫਰਹਤ ਅਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹ ਗਾਜੀਪੁਰ ਧਰਨੇ ‘ਤੇ ਪਹੁੰਚ ਕੇ।ਸਮਰਥਨ ਕਰ ਰਹੇ ਸਨ। ਸੰਯੁਕਤ ਕਿਸਾਨ ਮੋਰਚਾ ਇਸਦੀ ਸਖ਼ਤ ਨਿਖੇਧੀ ਕਰਦਾ ਹੈ।
ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਦੇਸ਼ ਭਰ ਦੇ ਕਿਸਾਨ ਲਾਮਬੰਦ ਹੋ ਰਹੇ ਹਨ। ਅਖਿਲ ਭਾਰਤੀ ਕਿਸਾਨ ਮਜ਼ਦੂਰ ਸਭਾ, ਨਰਾਇਣ ਪੇਠ- ਤਿਲੰਗਾਨਾ ਵਿੱਚ 21 ਫਰਵਰੀ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਅਤੇ ਐਮਐਸਪੀ ਕਾਨੂੰਨ ਬਣਾਉਣ ਲਈ ਵੱਡੀ ਰੈਲੀ ਅਤੇ ਜਨ ਸਭਾ ਹੋਈ। ਕੱਲ੍ਹ ਪੰਜਾਬ ਦੇ ਬਰਨਾਲਾ ਵਿੱਚ ਇਤਿਹਾਸਕ ਕਿਸਾਨ-ਮਜ਼ਦੂਰ ਮਹਾਂ ਰੈਲੀ ਹੋਈ, ਜਿਸ ‘ਔਰਤਾਂ ਦੀ ਵੱਡੀ ਸ਼ਮੂਲੀਅਤ ਸੀ। ਅੱਜ ਹਰਿਆਣਾ ਦੇ ਖਰਖੌਦਾ ‘ਚ ਵੀ ਵੱਡੀ ਮਹਾਂ-ਪੰਚਾਇਤ ਕੀਤੀ ਗਈ।
ਤਮਿਲਨਾਡੂ ਪੁਲਿਸ ਦੁਆਰਾ 21 ਫਰਵਰੀ ਦੀ ਰਾਤ ਚੇਨਈ ਸੈਂਟਰਲ ਵਿੱਚ ਟ੍ਰੇਨ ਤੋਂ ਨਵੀਂ ਦਿੱਲੀ ਜਾ ਰਹੇ 4 ਕਿਸਾਨ ਕਾਰਕੁਨਾਂ ਨੂੰ ਵਾਪਿਸ ਉਤਾਰ ਦਿੱਤਾ ਗਿਆ। ਹਾਂਲਾਂਕਿ ਉਹਨਾਂ ਨੂੰ ਬਦਲਵਾਂ ਪ੍ਰਬੰਧ ਕਰਨਾ ਪਿਆ, ਪਰ ਦਿੱਲੀ ਆਉਣ ਵਾਲੇ ਕਿਸਾਨਾਂ ਅਤੇ ਸਮਰਥਕਾਂ ਨੂੰ ਪ੍ਰੇਸ਼ਾਨ ਕਰਨਾ ਨਿਖੇਧੀਯੋਗ ਹੈ।
ਅਮਰੀਕਾ ਦੀਆਂ 87 ਕਿਸਾਨ- ਜਥੇਬੰਦੀਆਂ ਨੇ ਭਾਰਤ ‘ਚ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਅਤੇ ਆਸਟਰੇਲੀਆ ਵਿਚ ਵੀ ਕੱਲ੍ਹ ਇਕ ਟਰੈਕਟਰ ਰੈਲੀ ਆਯੋਜਿਤ ਕੀਤੀ ਗਈ ਜਿਸ ਵਿਚ ਸਯੁੰਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਆਨਲਾਈਨ ਹਾਜ਼ਰੀ ਭਰੀ।