ਕਿਸਾਨੀ-ਧਰਨਿਆਂ ‘ਚ ਮਨਾਇਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਹਾੜਾ
ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈਣ ਦਾ ਅਹਿਦ
ਕਿਸਾਨ-ਅੰਦੋਲਨ ਦੇ 200ਵੇਂ ਦਿਨ ਪੰਜਾਬ ਤੋਂ ਜਥੇ ਰਵਾਨਾ
ਚੰਡੀਗੜ੍ਹ,14 ਜੂਨ (ਵਿਸ਼ਵ ਵਾਰਤਾ):ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਜਥੇਬੰਦੀਆਂ ਵੱਲੋਂ ਜਾਰੀ ਧਰਨਿਆਂ ਦਾ 257ਵਾਂ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਰਿਹਾ। ਉਹਨਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ। ਬੁਲਾਰਿਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਦੇ ਜੀਵਨ, ਫਲਸਫੇ ,ਸਿਖਿਆਵਾਂ ਅਤੇ ਸ਼ਹਾਦਤ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ।
ਪੰਜਾਬ ਭਰ ‘ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਦ੍ਹਿੜ ਇਰਾਦਿਆਂ ਅੱਗੇ ਕੇਂਦਰ-ਸਰਕਾਰ ਦਾ ਅੜੀਅਲ ਰਵੱਈਆ ਜਰੂਰ ਟੁੱਟੇਗਾ ਅਤੇ ਸਰਕਾਰ ਨੂੰ 3 ਖੇਤੀ-ਕਾਨੂੰਨ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਵਾਪਿਸ ਲੈਣੇ ਪੈਣਗੇ।
ਕਿਸਾਨੀ-ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਚਿੱਤ ਹੋ ਕੇ ਤੱਤੀ ਤਵੀ ‘ਤੇ ਬੈਠ ਕੇ ਕੁਰਬਾਨੀ ਦਿੱਤੀ ਅਤੇ ਸਬਰ, ਸਿਰੜ ਅਤੇ ਸੰਜਮ ਦਾ ਨਵਾਂ ਕੀਰਤੀਮਾਨ ਸਥਾਪਤ ਕੀਤਾ। ਅੱਜ ਉਹੀ ਸਬਰ, ਸਿਦਕ ਤੇ ਸੰਜਮ ਸਾਡੇ ਕਿਸਾਨ ਅੰਦੋਲਨ ਦੀ ਰਹਿਨੁਮਾਈ ਕਰ ਰਿਹਾ ਹੈ। ਗੁਰੂਆਂ ਦੀਆਂ ਕੁਰਬਾਨੀਆਂ ਸਾਡੇ ਲਈ ਰਾਹ ਦਸੇਰਾ ਹਨ ਅਤੇ ਸਾਨੂੰ ਹਰ ਹਾਲਤ ਵਿੱਚ ਅਡੋਲ ਚਿੱਤ ਡਟੇ ਰਹਿਣ ਦਾ ਹੌਸਲਾ ਦਿੰਦੀਆਂ ਹਨ। ਇਸੇ ਲਈ ਲਗਾਤਾਰ ਇੱਕ ਸਾਲ ਤੋਂ ਅਸੀਂ ਕੁਦਰਤੀ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦੇ ਨਾਲ ਨਾਲ ਸਰਕਾਰੀ ਸਾਜਿਸ਼ਾਂ ਦਾ ਵੀ ਮੂੰਹ ਤੋੜ ਜਵਾਬ ਦਿੰਦੇ ਆ ਰਹੇ ਹਾਂ।
ਕਿਸਾਨ ਆਗੂਆਂ ਨੇ ਕਿਹਾ ਕਿ ਮਹਾਨ ਵਿਰਸੇ ਤੋਂ ਸੇਧ ਲੈਂਦੇ ਹੋਏ ਅਸੀਂ ਆਪਣੇ ਘੋਲ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਵਾਂਗੇ। ਅਸੀਂ ਤਿੰਨੋਂ ਖੇਤੀ ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜ਼ਲੀ ਸੋਧ ਬਿਲ-2020 ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।