ਖੇਤਾਂ ਵਿਚ ਰੇਕ ਤੋਂ ਲੋਡਿੰਗ/ਅਣਲੋਡਿੰਗ ਕਰਦੇ ਸਮੇਂ 10 ਤੋਂ ਜ਼ਿਆਦਾ ਮਜ਼ਦੂਰ/ਲੇਬਰ ਇਕ ਜਗ੍ਹਾ ਇਕੱਠੇ ਨਾ ਹੋਣ
ਫਾਜ਼ਿਲਕਾ, 1 ਅਪ੍ਰੈਲ( ਵਿਸ਼ਵ ਵਾਰਤਾ)-ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕਿਸਾਨਾਂ ਨੂੰ ਬਹਾਰ ਰੁੱਤ ਦੀ ਮੱਕੀ, ਸੱਠੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਬੀਜ, ਖਾਦਾਂ ਅਤੇ ਇਸ ਹਾੜ੍ਹੀ ਦੀ ਕਣਕ ਦੀ ਫਸਲ ਨੂੰ ਪੀਲੀ ਕੂੰਗੀ ਅਤੇ ਤੇਲੇ ਦੇ ਅਟੈਕ ਲਈ ਕੀਟਨਾਸ਼ਕਾਂ ਦੀ ਲੋੜ ਹੈ। ਇਸ ਲਈ ਕਿਸਾਨਾਂ ਨੂੰ ਫਸਲਾਂ ਲਈ ਖਾਦ, ਬੀਜ ਅਤੇ ਕੀਟਨਾਸ਼ਕ ਸਬੰਧਤ ਡੀਲਰਾਂ ਵਲੋਂ ਹੋਮ ਡਿਲਵਰੀ ਰਾਹੀਂ ਭੇਜੇ ਜਾਣਗੇ।
ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਖਾਦਾਂ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਤੋਂ ਕਿਸਾਨਾਂ ਨੂੰ ਹੋਮ ਡਿਲਵਰੀ ਹੋਵੇ।
ਇਸ ਦੇ ਨਾਲ ਹੀ ਹਾੜ੍ਹੀ 2019-20 ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ ਅਤੇ ਅਗਲੀ ਸਾਉਣੀ 2020 ਦਾ ਸੀਜ਼ਨ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਸਾਉਣੀ ਸੀਜ਼ਨ ਦੀਆਂ ਫਸਲਾਂ ਜਿਵੇਂ ਕਿ ਝੋਨਾ, ਨਰਮਾ, ਮੱਕੀ ਅਤੇ ਬਾਸਮਤੀ ਦੀ ਬਿਜਾਈ ਛੇਤੀ ਸ਼ੁਰੂ ਹੋ ਜਾਵੇਗੀ, ਜਿਸ ਵਾਸਤੇ ਖੇਤਾਂ ਦੀ ਤਿਆਰੀ ਲਈ ਖਾਦ ਇਕ ਮੁੱਖ ਤੱਤ ਹੈ ਜਿਸ ਲਈ 1 ਅਪ੍ਰੈਲ 2020 ਤੋਂ ਖਾਦਾਂ ਦੇ ਵੱਖ-ਵੱਖ ਕੰਪਨੀਆਂ ਦੇ ਰੇਕ ਜ਼ਿਲ੍ਹਾ ਫਾਜ਼ਿਲਕਾ ਵਿਚ ਲੱਗ ਰਹੇ ਹਨ, ਜਿਨ੍ਹਾਂ ਦੀ ਲੋਡਿੰਗ ਅਤੇ ਅਨਲੋਡਿੰਗ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਵੱਖ-ਵੱਖ ਖਾਦਾਂ ਸਪਲਾਈ ਕਰਨ ਵਾਲੀਆਂ ਕੰਪਨੀਆਂ, ਖਾਦ ਪ੍ਰਾਪਤ ਕਰਨ ਵਾਲੇ ਡੀਲਰਾਂ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਯਕੀਨੀ ਬਣਾਉਣਗੇ ਕਿ ਸਬੰਧਤ ਕੰਪਨੀਆਂ, ਡਿਸਟ੍ਰੀਬਿਊਟਰ ਅਤੇ ਡੀਲਰ ਰੇਕਾਂ ਦੀ ਸਮੇਂ ਸਿਰ ਲੋਡਿੰਗ/ਅਨਲੋਡਿੰਗ ਅਤੇ ਟ੍ਰਾਂਸਪੋਰਟੇਸ਼ਨ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਖੇਤਾਂ ਵਿਚ ਰੇਕ ਤੋਂ ਲੋਡਿੰਗ/ਅਣਲੋਡਿੰਗ ਕਰਦੇ ਸਮੇਂ 10 ਤੋਂ ਜ਼ਿਆਦਾ ਮਜ਼ਦੂਰ/ਲੇਬਰ ਇਕ ਜਗ੍ਹਾ ਇਕੱਠੇ ਨਾ ਹੋਣ ਅਤੇ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾਈ ਰੱਖਣ, ਹਰੇਕ ਮਜ਼ਦੂਰ/ਲੇਬਰ ਸੈਨੇਟਾਈਜ਼ਰ/ਮਾਸਕ ਦੀ ਵਰਤੋਂ ਯਕੀਨੀ ਬਣਾਉਣਗੇ। ਇਸ ਸਬੰਧੀ ਜੇਕਰ ਕੋਈ ਕਰਫਿਊ ਪਾਸ ਜਾਰੀ ਕਰਨਾ ਪੈਂਦਾ ਹੈ ਤਾਂ ਉਸ ਦੇ ਸਮਰੱਥ ਅਧਿਕਾਰੀ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਹੋਣਗੇ।
———-