ਕਿਰਤ ਵਿਭਾਗ ਵਲੋਂ ਉਸਾਰੀ ਕਿਰਤੀਆਂ ਦੇ ਲਈ ਸੁਵਿਧਾ ਕੈਂਪ 4 ਦਸੰਬਰ ਨੂੰ-ਡਿਪਟੀ ਕਮਿਸ਼ਨਰ
ਕਪੂਰਥਲਾ,1 ਦਸੰਬਰ(ਵਿਸ਼ਵ ਵਾਰਤਾ)-ਕਿਰਤ ਵਿਭਾਗ ਪੰਜਾਬ ਵਲੋਂ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮਕਦਸ ਨਾਲ ਜਲੋਅਖਾਨੇ ਵਿਖੇ 4 ਦਸੰਬਰ ਨੂੰ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਉਹ ਉਸਾਰੀ ਕਿਰਤੀ ਜਿਸਦੀ ਉਮਰ 18 ਤੋਂ 60 ਸਾਲ ਵਿਚਕਾਰ ਹੈ ਅਤੇ ਜਿਸਨੇ ਪਿਛਲੇ 12 ਮਹੀਨਿਆਂ ਦੌਰਾਨ ਘੱਟੋ ਘੱਟ 90 ਦਿਨ ਉਸਾਰੀ ਦਾ ਕੰਮ ਕੀਤਾ ਹੋਵੇ। ਉਹ ਬੋਰਡ ਲਾਭਪਾਤਰੀ ਬੋਰਡ ਦਾ ਮੈਂਬਰ ਬਣਨ ਯੋਗ ਹੈ।
ਉਨ੍ਹਾਂ ਦੱਸਿਆ ਕਿ ਫਾਰਮ ਨੰ. 27 (ਸਰਪੰਚ/ਐਮ.ਸੀ, ਅਤੇ ਠੇਕੇਦਾਰ ਵੱਲੋਂ ਤਸਦੀਕ), ਫਾਰਮ ਨੰ. 29, ਸਾਰੇ ਪਰਿਵਾਰ ਦੇ ਆਧਾਰ ਕਾਰਡ, ਉਸਾਰੀ ਕਿਰਤੀ ਦੀ ਬੈਂਕ ਪਾਸ ਬੁੱਕ ਦੀ ਕਾਪੀ, ਫੈਮਲੀ ਫੋਟੋ, ਜਨਮ ਮਿਤੀ ਦੇ ਸਬੂਤ ਵਜੋਂ ਕੋਈ ਵੀ ਇੱਕ ਦਸਤਾਵੇਜ਼ ਜਿਵੇਂ ਕਿ ਪੈਨ ਕਾਰਡ/ਸਕੂਲ ਸਰਟੀਫਿਕੇਟ/ਡਰਾਇਵਿੰਗ ਲਾਈਸੰਸ/ਪਾਸਪੋਰਟ/ਜਨਮ ਸਰਟੀਫਿਕੇਟ ਆਦਿ ਨਾਲ ਲੋੜੀਂਦੀ ਰਜਿਸਟਰੇਸ਼ਨ ਫੀਸ 25/- ਰੁਪਏ ਅਤੇ 10/- ਰੁਪਏ ਅੰਸਦਾਨ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਘੱਟ ਤੋਂ ਘੱਟ 1 ਸਾਲ (25+120=145) ਅਤੇ ਵੱਧ ਤੋਂ ਵੱਧ 5 ਸਾਲ (25+600-625) ਦਾ ਅੰਸਦਾਨ ਚਾਰ ਦਸੰਬਰ ਨੂੰ ਜਲੋਕ ਖਾਣਾ ਵਿਖੇ ਲਗਾਏ ਜਾ ਰਹੇ ਸੁਵਿਧਾ ਕੈਂਪ ਵਿਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲਾਭਪਾਤਰੀਆਂ ਨੂੰ ਰਜਿਸਟਰਡ ਉਸਾਰੀ ਕਿਰੜੀਆਂ ਦੀ ਲੜਕੀਆਂ ਦੀ ਸ਼ਾਦੀ ਦੇ ਲਈ ਸ਼ਗਨ ਸਕੀਮ 51,000/- ਰੁਪਏ ਦੀ ਵਿੱਤੀ ਸਹਾਇਤਾ, ਛੁੱਟੀ ਦੌਰਾਨ ਯਾਤਰਾ ਲਈ ਸਹੂਲਤ (ਤਿੰਨ ਸਾਲਾਂ ਵਿਚ ਇਕ ਵਾਰੀ) 10,000/- ਰੁਪਏ ,ਰਜਿਸਟਰਡ ਉਸਾਰੀ ਕਿਰਤੀਆਂ ਦੇ ਘਰ ਨਵੀ ਜਨਮੀ ਬੇਟੀ ਲਈ ਬਾਲੜੀ ਤੋਹਫਾ ਸਕੀਮ (FD) 51,000/- ਰੁਪਏ, ਮਾਨਸਿਕ ਰੋਗ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆ ਦੀ ਸਾਂਭ-ਸੰਭਾਲ ਵਾਸਤੇ ਵਿੱਤੀ ਸਹਾਇਤਾ ਸਾਲਾਨਾ 24,000/- ਰੁਪਏ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਸਕੀਮ ਪਹਿਲੀ ਕਲਾਸ ਤੋਂ ਡਿਗਰੀ ਕੋਰਸ ਦੀ ਪੜਾਈ ਤੱਕ 3੦੦੦/- ਰੁਪਏ ਤੋਂ ਲੈ ਕੇ 70,000/- ਰੁਪਏ ਕਲਾਸ ਵਾਈਜ ਸਲਾਨਾ ਅਤੇ ਰਜਿਸਟਰਡ ਉਸਾਰੀ ਕਿਰਤੀਆਂ ਦੀ ਐਕਸੀਡੈਂਟ ਕੇਸ ਵਿਚ ਮੌਤ ਹੋਣ ਤੇ ਅਤੇ ਪੂਰਨ ਅਪੰਗਤਾ ਦੀ ਸੂਰਤ ਵਿਚ 4,00,000/-ਰੁਪਏ, ਕੁਦਰਤੀ ਮੌਤ ਹੋਣ ਤੇ 3,00,000/- ਰੁਪਏ ਅਤੇ ਆਸ਼ਿਕ ਅਪੰਗਤਾ ਦੀ ਸੂਰਤ ਵਿੱਚ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ।
ਉਨ੍ਹਾਂ ਦੱਸਿਆ ਕਿ ਆਯੂਸਮਾਨ ਭਾਰਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ਲਈ ਕੈਸਲੈਸ 5.੦੦.੦੦੦/- ਰੁਪਏ ਤੱਕ ਦਾ ਇਲਾਜ ਸਰਕਾਰ ਦੁਆਰਾ ਕਰਵਾਇਆ ਜਾਂਦਾ ਹੈ ਅਤੇ ਰਜਿਸਟਰਡ ਉਸਾਰੀ ਕਿਰਤੀਆਂ ਦੀ ਉਮਰ 60 ਸਾਲ ਹੋਣ ਉਪਰੰਤ ਬੋਰਡ ਦੀਆਂ ਸ਼ਰਤਾਂ ਅਨੁਸਾਰ ਪੈਨਸ਼ਨ ਸਕੀਮ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਸਹਾਇਕ ਕਿਰਤ ਕਮਿਸ਼ਨਰ, ਕਪੂਰਥਲਾ ਜਾਂ ਇਲਾਕੇ ਦੇ ਕਿਰਤ ਇੰਸਪੈਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।