ਕਿਤਾਬ ਸਮੀਖਿਆ : ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਯਥਾਰਥ ਨੂੰ ਬਿਆਨ ਕਰਦਾ ਨਾਵਲ ਹੀਰ ਨਾ ਆਖੋ ਕੋਈ
ਚੰਡੀਗੜ੍ਹ, 24ਜੁਲਾਈ(ਵਿਸ਼ਵ ਵਾਰਤਾ) ਕਿਤਾਬ ਸਮੀਖਿਆ- ਹੀਰ ਨਾ ਆਖੋ ਕੋਈ ਪ੍ਰਕਾਸ਼ ਸੋਹਲ ਦਾ ਨਵ ਪ੍ਰਕਾਸ਼ਿਤ ਨਾਵਲ ਹੈ।ਇਸ ਤੋਂ ਪਹਿਲਾਂ ਉਹ ਨਾਵਲ ਅਤੇ ਕਵਿਤਾ ਦੀਆਂ ਇੱਕ ਦਰਜਨ ਪੁਸਤਕਾਂ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਨਾਵਲ ਦੀ ਕਹਾਣੀ ਦਿੱਲੀ ਦੇ ਕੀਰਤੀ ਨਗਰ ਬੱਸ ਸਟਾਪ ਤੋਂ ਸ਼ੁਰੂ ਹੁੰਦੀ ਹੈ। ਜਿਥੇ ਅਗਸਤ 1979 ਦੀ ਇੱਕ ਸਵੇਰ ਨੂੰ ਹੋਰ ਸਵਾਰੀਆਂ ਦੇ ਨਾਲ ਨਾਲ ਸੁਰਿੰਦਰ ਨਾਮ ਦਾ ਇੱਕ ਨੌਜਵਾਨ ਵਿਦਿਆਰਥੀ ਵੀ ਬੱਸ ਵਿੱਚ ਸਵਾਰ ਹੁੰਦਾ ਹੈ। ਉਸ ਬੱਸ ਵਿੱਚ ਸਫ਼ਰ ਕਰ ਰਹੀਆਂ ਦੋ ਲੜਕੀਆਂ ਉੱਪਰ ਜਦੋਂ ਉਸਦੀ ਨਜ਼ਰ ਪੈਂਦੀ ਹੈ ਤਾਂ ਇੱਕ ਲੜਕੀ ਵੱਲ ਉਹ ਖਿਚਿਆ ਜਾਂਦਾ ਹੈ। ਜਿਸ ਤੋਂ ਬਾਦ ਉਸ ਨੂੰ ਪਾਉਣ ਲਈ ਉਹ ਯਤਨ ਕਰਦਾ ਹੈ ਅਤੇ ਇਉਂ ਇੱਕ ਇਸ਼ਕ ਕਹਾਣੀ ਤੁਰ ਪੈਂਦੀ ਹੈ। ਉਸ ਤਰ੍ਹਾਂ ਦਾ ਇਸ਼ਕ ਜਿਸ ਵਿਚ ਦੋ ਰੂਹਾਂ ਇੱਕ ਜਾਨ ਨਜ਼ਰ ਆਉਣ ,
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ,
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਬੇਸ਼ਕ ਇਹ ਨਾਵਲ ਇੱਕ ਪਿਆਰ ਕਹਾਣੀ ਦੁਆਲੇ ਬੁਣਿਆ ਗਿਆ ਹੈ ਪਰ ਨਾਵਲਕਾਰ ਨੇ ਇਸ ਨਾਵਲ ਵਿਚ ਹੋਰ ਬਹੁਤ ਸਾਰੇ ਮੁੱਦੇ ਅਤੇ ਮਸਲੇ ਪਾਠਕ ਸਾਹਮਣੇ ਰੱਖੇ ਹਨ। ਸਭ ਤੋਂ ਪਹਿਲਾਂ ਤਾਂ ਇਸ ਨਾਵਲ ਵਿੱਚ ਅਸੀਂ ਆਮ ਸ਼ਹਿਰਾਂ ਅਤੇ ਪਿੰਡਾਂ ਦੇ ਮੁਕਾਬਲੇ ਮਹਾਂਨਗਰਾਂ ਦੀ ਜਿੰਦਗੀ ਅਤੇ ਸੋਚ ਦਾ ਅੰਤਰ ਦੇਖਦੇ ਹਾਂ। ਆਮ ਪਿੰਡਾਂ ਤੇ ਸ਼ਹਿਰਾਂ ਦੇ ਮੁਕਾਬਲੇ ਮਹਾਂਨਗਰ ਦਾ ਵਿਦਿਆਰਥੀ ਆਪਣੇ ਭਵਿੱਖ ਪ੍ਰਤੀ ਵਧੇਰੇ ਸੁਚੇਤ ਅਤੇ ਚਿੰਤਤ ਦਿਖਾਈ ਦਿੰਦਾ ਹੈ। ਇਸ ਨਾਵਲ ਦੇ ਮੁੱਖ ਪਾਤਰ ਸੁਰਿੰਦਰ ਦਾ ਦੋਸਤ ਕਿਸ਼ਨ ਪੜ੍ਹਾਈ ਦੇ ਨਾਲ ਨਾਲ ਪ੍ਰਾਈਵੇਟ ਨੌਕਰੀ ਵੀ ਕਰਦਾ ਹੈ। ਵੱਡੇ ਸ਼ਹਿਰਾਂ ਵਿੱਚ ਲੋਕਲ ਬੱਸ ਵਿੱਚ ਸਫ਼ਰ ਦੀਆਂ ਮੁਸ਼ਕਲਾਂ ਤੇ ਜਿੰਦਗੀ ਦੇ ਹੋਰ ਭੱਜ ਦੌੜ ਵਾਲੇ ਰੁਝੇਵੇਂ ਅਸੀਂ ਨਾਵਲ ਦੇ ਪਹਿਲੇ ਖੰਡ ਵਿੱਚ ਦੇਖਦੇ ਹਾਂ। ਇਹ ਵੀ ਕਿ ਰੁਝੇਵਿਆਂ ਅਤੇ ਭੱਜ ਦੌੜ ਭਰੀ ਜਿੰਦਗੀ ਵਿੱਚ ਵੀ ਦੋਸਤੀਆਂ ਅਤੇ ਪਿਆਰ ਮੁਹੱਬਤ ਲਈ ਲੋਕਾਂ ਦਾ ਦਿਲ ਧੜਕਦਾ ਹੈ। ਹੀਰ ਨਾ ਆਖੋ ਕੋਈ ਨਾਵਲ ਵਿੱਚ ਘਟਨਾਵਾਂ ਬੜੀ ਤੇਜੀ ਨਾਲ ਵਾਪਰਦੀਆਂ ਹਨ। ਕਮਲ ਅਤੇ ਸੁਰਿੰਦਰ ਦੀ ਮੁਹੱਬਤ ਦੇ ਚੱਲਦਿਆਂ ਜਿੱਥੇ ਉਹ ਆਪਣੇ ਪਿਆਰ ਨੂੰ ਸਿਰੇ ਚੜ੍ਹਾਉਣ ਲਈ ਫ਼ਿਕਰਮੰਦ ਹਨ ਉੱਥੇ ਕਮਲ ਦੇ ਮਾਂ ਬਾਪ ਉਸ ਦਾ ਚੰਗੇ ਘਰ ਵਿੱਚ ਰਿਸ਼ਤਾ ਹੋ ਜਾਣ ਲਈ ਫ਼ਿਕਰਮੰਦ ਦਿਖਾਈ ਦਿੰਦੇ ਹਨ। ਜਦੋਂ ਉਸਦਾ ਜਸਪਾਲ ਨਾਮ ਦੇ ਲੜਕੇ ਨਾਲ ਰਿਸ਼ਤਾ ਕਰਨ ਦੀ ਗੱਲ ਚੱਲਦੀ
ਹੈ ਤਾਂ ਉਸ ਵਕਤ ਉਸਦੇ ਇੰਗਲੈਂਡ ਰਹਿੰਦੇ ਭੂਆ ਅਤੇ ਫੁੱਫੜ ਆਪਣੀ ਲੜਕੀ ਸੂ ਨਾਲ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਤੇ ਫਿਰ ਜਸਪਾਲ ਦਾ ਰਿਸ਼ਤਾ ਕਮਲ ਦੀ ਥਾਂ ਸੂ ਨਾਲ ਹੋ ਜਾਂਦਾ ਹੈ ਤੇ ਉਹ ਇੰਗਲੈਂਡ ਚਲਾ ਜਾਂਦਾ ਹੈ। ਇਸੇ ਤਰ੍ਹਾਂ ਕਿਸ਼ਨ ਅਤੇ ਸੁਰਿੰਦਰ ਵੀ ਬੱਸਾਂ ਨੂੰ ਅੱਗ ਲਾਉਣ ਦੀ ਇੱਕ ਘਟਨਾ ਵਿੱਚ ਨਾਮ ਆਉਣ ਦੇ ਸ਼ੱਕ ਵਜੋਂ ਦੋ ਸਾਲ ਲਈ ਇੰਗਲੈਂਡ ਚਲੇ ਜਾਂਦੇ ਹਨ। ਸੁਰਿੰਦਰ ਦੇ ਮਗਰ ਹੀ ਇੱਕ ਵਿਦੇਸ਼ੀ ਕੰਪਨੀ ਦੀ ਨੌਕਰੀ ਤੇ ਕਮਲ ਵੀ ਇੰਗਲੈਂਡ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਦੀ ਬਹੁਤੀ ਕਹਾਣੀ ਬੇਸ਼ਕ ਇੰਗਲੈਂਡ ਵਿੱਚ ਚੱਲਦੀ ਹੈ ਪਰ ਨਾਲ ਨਾਲ ਪਿੱਛੇ ਭਾਰਤ ਵਿੱਚ ਰਹਿ ਰਹੇ ਮਾਂ ਬਾਪ ਦੀ ਫ਼ਿਕਰਮੰਦੀ ਅਤੇ ਬੱਚਿਆਂ ਨੂੰ ਮਿਲਣ ਦੀ ਤਾਂਘ ਵੀ ਪੇਸ਼ ਹੁੰਦੀ ਹੈ। ਨਾਵਲਕਾਰ ਨੇ ਜਿੱਥੇ ਭਾਰਤੀ ਅਤੇ ਪੱਛਮੀ ਸਮਾਜ ਦੇ ਰਹਿਣ ਸਹਿਣ ਅਤੇ ਸਭਿਆਚਾਰਕ ਵਖਰੇਵਿਆਂ ਨੂੰ ਪਾਠਕ ਸਾਹਮਣੇ ਪੇਸ਼ ਕੀਤਾ ਹੈ ਉੱਥੇ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਆਉਂਦੀਆਂ ਮੁਸ਼ਕਲਾਂ ਅਤੇ ਢੰਗ ਤਰੀਕਿਆਂ ਨੂੰ ਵੀ ਬਹੁਤ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ।ਵਿਦੇਸ਼ ਵਿੱਚ ਪੱਕੇ ਹੋਣ ਲਈ ਬਹੁਤੇ ਭਾਰਤੀ ਮੁੰਡੇ ਜਾਂ ਤਾਂ ਕਿਸੇ ਗੋਰੀ ਲੜਕੀ ਨਾਲ ਲਵ ਮੈਰਿਜ਼ ਕਰਵਾਉਣ ਦੇ ਚੱਕਰ ਵਿੱਚ ਰਹਿੰਦੇ ਹਨ ਜਾਂ ਫਿਰ ਪੈਸੇ ਖਰਚ ਕੇ ਕਿਸੇ ਗੋਰੀ ਨਾਲ ਨਕਲੀ ਸ਼ਾਦੀ ਕਰਵਾ ਲੈਂਦੇ ਹਨ ਅਤੇ ਬਾਦ ਵਿੱਚ ਤਲਾਕ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਧੰਦਾ ਵੀ ਚਲਦਾ ਰਹਿੰਦਾ ਹੈ। ਸ਼ੁਰੂ ਵਿਚ ਇਸ ਨਾਵਲ ਦਾ ਨਾਇਕ ਵੀ ਇਸ ਸੋਚ ਵਿਚ ਉਲਝਿਆ ਨਜ਼ਰ ਆਉਂਦਾ ਹੈ। ਉਹ ਪੱਕਾ ਹੋਣ ਲਈ ਕਿਸੇ ਗੋਰੀ ਨਾਲ ਪੈਸੇ ਖਰਚ ਕੇ ਸ਼ਾਦੀ ਕਰਵਾਉਣ ਬਾਰੇ ਸੋਚਦਾ ਹੈ। ਫਿਰ ਉਹ ਲੀਸਾ ਨਾਮ ਦੀ ਲੜਕੀ ਦੇ ਨਾਲ ਸਬੰਧ ਬਣਾਉਂਦਾ ਹੈ। ਉਸ ਨੂੰ ਸ਼ਾਦੀ ਲਈ ਵੀ ਪਰਪੋਜ ਕਰਦਾ ਹੈ ਪਰ ਉਹ ਕੁੱਝ ਮਹੀਨੇ ਇੰਤਜਾਰ ਕਰਨ ਦਾ ਕਹਿ ਦਿੰਦੀ ਹੈ। ਇਸ ਦੌਰਾਨ ਉਸਦੀ ਸ਼ਾਦੀ ਕਮਲ ਨਾਲ ਹੋ ਜਾਂਦੀ ਹੈ। ਲੀਸਾ ਨਾਲ ਸਬੰਧ ਬਾਦ ਵਿੱਚ ਕਮਲ ਅਤੇ ਸੁਰਿੰਦਰ ਦੇ ਰਿਸ਼ਤੇ ਵਿੱਚ ਤਰੇੜ ਦਾ ਕਾਰਨ ਵੀ ਬਣਦੇ ਹਨ। ਇਸ ਨਾਵਲ ਵਿੱਚ ਇੱਕ ਹੋਰ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ। ਉਹ ਇਹ ਕਿ ਮਰਦ ਦੇ ਮੁਕਾਬਲੇ ਔਰਤ ਦਾ ਪਿਆਰ ਵਧੇਰੇ ਮਜਬੂਤ ਨਜ਼ਰ ਆਉਂਦਾ ਹੈ। ਲੀਸਾ ਸੁਰਿੰਦਰ ਨਾਲ ਵਿਆਹ ਕਰਵਾਏ ਬਗੈਰ ਉਸਦੇ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਸਦੀ ਪਰਵਰਿਸ਼ ਵੀ ਕਰਦੀ ਹੈ। ਕਮਲ ਇੰਡੀਆ ਤੋਂ ਉਸਦੇ ਮਗਰ ਇੰਗਲੈਂਡ ਜਾਂਦੀ ਹੈ। ਲੀਸਾ ਨਾਲ ਸਬੰਧਾਂ ਦਾ ਪਤਾ ਲੱਗਣ ਤੇ ਉਹ ਸੁਰਿੰਦਰ ਨਾਲੋਂ ਵੱਖ ਤਾਂ ਹੋ ਜਾਂਦੀ ਹੈ ਪਰ ਅੰਤ ਉਸਨੂੰ ਮਾਫ ਵੀ ਕਰ ਦਿੰਦੀ ਹੈ। ਪ੍ਰਕਾਸ਼ ਸੋਹਲ ਨੇ ਨਾਵਲ ਦੇ ਪਾਤਰਾਂ ਰਾਹੀਂ ਇਹ ਵੀ ਦੱਸਿਆ ਹੈ ਕਿ ਵਿਦੇਸ਼ੀ ਧਰਤੀ ਤੇ ਬੇਸ਼ਕ ਬਹੁਤੇ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ ਪਰ ਜੇਕਰ ਬੰਦੇ ਵਿੱਚ ਕੁੱਝ ਕਰਨ ਦੀ ਤਾਂਘ ਹੋਵੇ ਤਾਂ ਉਹ ਵਿਦੇਸ਼ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ। ਇਸ ਨਾਵਲ ਦੇ ਪਾਤਰ ਵੀ ਆਪੋ ਆਪਣੇ ਕਾਰੋਬਾਰ ਵਿੱਚ ਕਾਮਯਾਬ ਹੁੰਦੇ ਹਨ। ਸੁਰਿੰਦਰ ਜਿਹੜਾ ਕਿ ਤਿੰਨ ਪੈਟਰੋਲ ਪੰਪਾਂ ਦਾ ਮਾਲਕ ਬਣ ਜਾਂਦਾ ਹੈ ਅਖੀਰ ਕੁੱਝ ਕਾਰਨਾਂ ਕਰਕੇ ਉਹ ਕੰਗਾਲੀ ਦੀ ਹਾਲਤ ਵਿੱਚ ਆ ਜਾਂਦਾ ਹੈ ਅਤੇ ਪਾਰਕ ਅਟੈਂਡੈਂਟ ਦੀ ਜੋਬ ਕਰਨ ਲੱਗ ਜਾਂਦਾ ਹੈ। ਜਿਸਦਾ ਪਤਾ ਲੱਗਣ ਤੇ ਕਿਸ਼ਨ ਅਤੇ ਉਸਦੀ ਪਤਨੀ ਉਸਦੀ ਮਦਦ ਕਰਦੇ ਹਨ ਅਤੇ ਕਮਲ ਅਤੇ ਸੁਰਿੰਦਰ ਦਾ ਦੁਬਾਰਾ ਮੇਲ ਕਰਵਾਉਂਦੇ ਹਨ। ਨਾਵਲਕਾਰ ਨੇ ਜਿੱਥੇ ਪਰਿਵਾਰਕ ਰਿਸ਼ਤਿਆਂ ਵਿੱਚ ਪਾਰਦਰਸ਼ਤਾ ਤੇ ਜ਼ੋਰ ਦਿੱਤਾ ਹੈ ਉੱਥੇ ਦੋਸਤੀ ਵਿੱਚ ਇੱਕ ਦੂਜੇ ਦੇ ਕੰਮ ਆਉਣ ਦੀਆਂ ਸ਼ਾਨਦਾਰ ਮਿਸਾਲਾਂ ਵੀ ਕਾਇਮ ਕੀਤੀਆਂ ਹਨ। 394 ਪੰਨਿਆਂ ਦੇ ਇਸ ਨਾਵਲ ਨੂੰ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਹੈ ਅਤੇ ਕੀਮਤ 650 ਰੁਪਏ ਹੈ।
ਸਰਬਜੀਤ ਧੀਰ