ਕਾਰ ਹਾਦਸੇ ‘ਚ ਜਖ਼ਮੀ ਹੋਏ ਰਿਸ਼ਭ ਪੰਤ ਨੂੰ ਅੱਜ ਇਲਾਜ ਲਈ ਕੀਤਾ ਜਾਵੇਗਾ ਮੁੰਬਈ ਸ਼ਿਫਟ
ਚੰਡੀਗੜ੍ਹ 4 ਜਨਵਰੀ(ਵਿਸ਼ਵ ਵਾਰਤਾ)- ਰਿਸ਼ਭ ਪੰਤ ਨੂੰ ਅੱਜ ਦੇਹਰਾਦੂਨ ਤੋਂ ਮੁੰਬਈ ਸ਼ਿਫਟ ਕੀਤਾ ਜਾਵੇਗਾ, ਜਿੱਥੇ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਕਾਰ ਹਾਦਸੇ ‘ਚ ਜ਼ਖਮੀ ਹੋਣ ਤੋਂ ਬਾਅਦ ਉਨ੍ਹਾਂ ਦਾ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸੇ ‘ਚ ਉਸ ਦੇ ਸਿਰ, ਗੋਡੇ ਅਤੇ ਗਿੱਟੇ ‘ਤੇ ਸੱਟਾਂ ਲੱਗੀਆਂ ਹਨ। ਉਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਸ ਦੇ ਗੋਡੇ ਦੇ 4 ‘ਚੋਂ 3 ਲਿਗਾਮੈਂਟ ਫਟ ਗਏ ਹਨ। ਅਜਿਹੇ ‘ਚ ਹੁਣ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਬਿਹਤਰ ਇਲਾਜ ਲਈ ਪੰਤ ਨੂੰ ਦੇਹਰਾਦੂਨ ਤੋਂ ਮੁੰਬਈ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਪੰਤ 30 ਦਸੰਬਰ ਦੀ ਸਵੇਰ ਨੂੰ ਉੱਤਰਾਖੰਡ ਦੇ ਰੁੜਕੀ ‘ਚ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਕਾਰ ਰਾਹੀਂ ਦਿੱਲੀ ਤੋਂ ਜਾ ਰਿਹਾ ਸੀ। ਰੁੜਕੀ ਵਿੱਚ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਰੁੜਕੀ ਦੇ ਹਸਪਤਾਲ ਵਿੱਚ ਐਮਰਜੈਂਸੀ ਇਲਾਜ ਤੋਂ ਬਾਅਦ, ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਜਿੱਥੇ ਉਸ ਦਾ ਪ੍ਰਾਈਵੇਟ ਵਾਰਡ ਵਿੱਚ ਇਲਾਜ ਚੱਲ ਰਿਹਾ ਹੈ। ਉਹ ਅਜੇ ਵੀ ਆਈਸੀਯੂ ਵਿੱਚ ਹੈ।