ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 3 ਦੀ ਮੌਤ, 2 ਜ਼ਖ਼ਮੀ
ਚੰਡੀਗੜ੍ਹ, 16ਨਵੰਬਰ(ਵਿਸ਼ਵ ਵਾਰਤਾ)-ਬਟਾਲਾ ਦੇ ਪਿੰਡ ਸੱਖੋਵਾਲ ਨੇੜੇ ਹੋਏ ਇੱਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਹਾਦਸੇ ਵਿੱਚ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਾਈਕ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਦਰੱਖਤ ਨਾਲ ਟਕਰਾ ਗਈ। ਮਰਨ ਵਾਲੇ ਤਿੰਨ ਵਿਅਕਤੀਆਂ ਵਿੱਚੋਂ ਦੋ ਉੱਤਰਾਖੰਡ ਅਤੇ ਇੱਕ ਯੂਪੀ ਦੇ ਬਿਲਾਸਪੁਰ ਦਾ ਰਹਿਣ ਵਾਲਾ ਸੀ। ਹਾਦਸੇ ਦਾ ਸ਼ਿਕਾਰ ਹੋਏ ਲੋਕ ਫਤਿਹਗੜ੍ਹ ਚੂੜੀਆਂ ਨੇੜਲੇ ਪਿੰਡ ਤੇਜਾ ਛੋਟਾ ਦੇ ਪੰਚਾਇਤ ਸਕੱਤਰ ਸੁਖਦੀਪ ਸਿੰਘ ਦੀ ਲੜਕੀ ਦੇ ਵਿਆਹ ਵਿੱਚ ਆਏ ਹੋਏ ਸਨ।
ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦਕਿ ਦੋ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਤਿੰਨਾਂ ਦਾ ਪੋਸਟਮਾਰਟਮ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਹੀ ਕੀਤਾ ਗਿਆ।