ਕਾਂਗਰਸ ਹਾਈਕਮਾਨ ਨੇ ਨਹੀਂ ਭੇਜਿਆ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਕੋਈ ਪੱਤਰ!
ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਪੱਤਰ ਭੇਜੇ ਜਾਣ ਦੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ
ਚੰਡੀਗੜ੍ਹ 29 ਨਵੰਬਰ(ਵਿਸ਼ਵ ਵਾਰਤਾ)- ਪਿਛਲੇ ਦਿਨੀਂ ਚਰਚਾ ਦਾ ਵਿਸ਼ਾ ਰਹੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਲਿਖੇ ਪ੍ਰਿਅੰਕਾ ਗਾਂਧੀ ਦੇ ਖ਼ਤ ਦੀਆਂ ਖਬਰਾਂ ਨੂੰ ਸੂਬਾ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਖਾਰਜ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਹਰੀਸ਼ ਚੌਧਰੀ ਨੇ ਪ੍ਰਿਅੰਕਾ ਗਾਂਧੀ ਵੱਲੋਂ ਪੱਤਰ ਭੇਜੇ ਜਾਣ ਤੋਂ ਇਨਕਾਰ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਜੇਲ੍ਹ ਸੁਪਰਡੈਂਟ ਨੇ ਵੀ ਸਿੱਧੂ ਨੂੰ ਕਿਸੇ ਵੀ ਚਿੱਠੀ ਤੋਂ ਸਾਫ਼ ਇਨਕਾਰ ਕੀਤਾ ਸੀ। ਹੁਣ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਵੀ ਇਨ੍ਹਾਂ ਅਟਕਲਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਸਿੱਧੂ ਨੂੰ ਕਾਂਗਰਸ ਹਾਈਕਮਾਨ ਰਿਹਾਅ ਹੋਣ ਤੋਂ ਬਾਅਦ ਕੋਈ ਵੱਡੀ ਜਿੰਮੇਵਾਰੀ ਦੇ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਗਾਂਧੀ ਨੇ ਸਿੱਧੂ ਨੂੰ ਪੱਤਰ ਵੀ ਲਿਖਿਆ ਹੈ।
ਜਿਸ ਤੋਂ ਬਾਅਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ। ਪਿਛਲੇ ਦਿਨੀਂ ਨਵਜੋਤ ਸਿੰਘ ਜੇਲ੍ਹ ‘ਚ ਮਿਲਣ ਤੋਂ ਬਾਅਦ ਪਰਤੇ ਕੁਝ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਚੰਗੇ ਆਚਰਣ ਕਾਰਨ ਉਨ੍ਹਾਂ ਦੀ ਰਿਹਾਈ 26 ਜਨਵਰੀ 2022 ਨੂੰ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ‘ਤੇ ਸੂਬਾ ਸਰਕਾਰ ਜਾਂ ਜੇਲ ਪ੍ਰਸ਼ਾਸਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।ਦੱਸ ਦਈਏ ਕਿ ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ।ਨਵਜੋਤ ਸਿੰਘ ਸਿੱਧੂ ਨੇ ਸਜ਼ਾ ਮਿਲਣ ਤੋਂ ਬਾਅਦ 20 ਮਈ ਨੂੰ ਆਤਮ ਸਮਰਪਣ ਕਰ ਦਿੱਤਾ ਸੀ।