ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਨੂੰ ਵਿਰੋਧ ਦੇ ਬਾਵਜੂਦ ਵੀ ਮਿਲੀ ਟਿਕਟ
ਚਮਕੌਰ ਸਾਹਿਬ ਤੋਂ ਹੀ ਚੋਣ ਲੜਨਗੇ ਮੁੱਖ ਮੰਤਰੀ ਚੰਨੀ
ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਣ ਵਾਲਿਆਂ ਨੂੰ ਵੀ ਮਿਲੀਆਂ ਟਿਕਟਾਂ
ਸੁਨੀਲ ਜਾਖੜ ਅਤੇ ਬ੍ਰਹਮ ਮੋਹਿੰਦਰਾ ਨਹੀਂ ਉਤਰਨਗੇ ਚੋਣ ਮੈਦਾਨ ਵਿੱਚ!
ਚੰਡੀਗੜ੍ਹ,15 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ 117 ਵਿੱਚੋਂ 86 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ ਕੁੱਝ ਨਵੇਂ ਨਾਵਾਂ ਦੇ ਨਾਲ ਨਾਲ ਸੀਨੀਅਰ ਕਾਂਗਰਸੀਆਂ ਦੇ ਨਾਮ ਵੀ ਸ਼ਾਮਿਲ ਹਨ। ਪਿਛਲੇ ਦਿਨਾਂ ਤੋਂ ਕਾਫੀ ਚਰਚਾ ਚੱਲ ਰਹੇ ਮਾਨਸਾ ਅਤੇ ਮੋਗਾ ਹਲਕਿਆਂ ਤੋਂ ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਨੂੰ ਵਿਰੋਧ ਦੇ ਬਾਵਜੂਦ ਵੀ ਟਿਕਟਾਂ ਦੇ ਦਿੱਤੀਆਂ ਗਈਆਂ ਹਨ। ਇਸ ਤੋੋਂ ਇਲਾਵਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮੋਹਿੰਦਰਾ ਨੂੰ ਪਟਿਆਲਾ ਦਿਹਾਤੀ ਅਤੇ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਅਬੋਹਰ ਤੋਂ ਟਿਕਟ ਮਿਲੀ ਹੈ। ਜਿਸ ਤੋਂ ਬਾਅਦ ਇਹ ਕਿਆਸ ਲੱਗ ਰਹੇ ਹਨ ਕਿ ਬ੍ਰਹਮ ਮੋਹਿੰਦਰਾ ਅਤੇ ਸੁਨੀਲ ਜਾਖੜ ਵੱਲੋਂ ਚੋਣ ਨਹੀਂ ਲੜੀ ਜਾਵੇਗੀ। ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਆਉਣ ਵਾਲੀ ਰੁਪਿੰਦਰ ਰੂਬੀ ਨੂੰ ਮਲੋਟ ਅਤੇ ਲੰਬੀ ਹਲਕੇ ਤੋਂ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਟਿਕਟ ਦਿੱਤੀ ਗਈ ਹੈ। ਇਹ ਸਾਰੇ ਉਮੀਦਵਾਰ ਪਹਿਲੀ ਵਾਰ ਆਪਣੀ ਕਿਸਮਤ ਚੋਣ ਵਿੱਚ ਅਜਮਾਉਣਗੇ।
ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਜਾਂ ਮਜੀਠਾ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਨੂੰ ਵੀ ਬ੍ਰੇਕਾਂ ਲੱਗ ਗਈਆਂ ਹਨ ਕਿਉਂਕਿ ਉਹਨਾਂ ਨੂੰ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਵੀ ਕਾਦੀਆਂ ਤੋਂ ਚੋਣ ਲੜਨਗੇ। ਉਹਨਾਂ ਦਾ ਮੁਕਾਬਲਾ ਉਹਨਾਂ ਦੇ ਹੀ ਭਰਾ ਫਤਿਹਜੰਗ ਸਿੰਘ ਬਾਜਵਾ ਨਾਲ ਹੋ ਸਕਦਾ ਹੈ। ਮੁੱਖ ਮੰਤਰੀ ਚੰਨੀ ਦੇ ਵੀ ਆਦਮਪੁਰ ਅਤੇ ਚਮਕੌਰ ਸਾਹਿਬ ਦੋ ਸੀਟਾਂ ਤੋਂ ਚੋਣ ਲੜਨ ਦੀਆਂ ਖਬਰਾਂ ਸਨ,ਪਰ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਹੀ ਚੋਣ ਲੜਨਗੇ।
ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚੋਂ ਮੰਤਰੀ ਦੇ ਅਹੁਦੇ ਤੋਂ ਲਾਹੇ ਗਏ ਚਾਰਾਂ ਮੰਤਰੀਆਂ ਨੂੰ ਇਕ ਵਾਰ ਫਿਰ ਤੋਂ ਟਿਕਟ ਦੇ ਕੇ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਜਾਣ ਦੀਆਂ ਅਫਵਾਹਾਂ ਨੂੰ ਵੀ ਵਿਰਾਮ ਲਗਾ ਦਿੱਤਾ ਹੈ। ਦੱਸ ਦਈਏ ਕਿ ਪੰਜ ਮੰਤਰੀਆਂ ਵਿੱਚੋਂ ਚਾਰ ਜਿਹਨਾਂ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਮੋਹਾਲੀ,ਸਾਧੂ ਸਿੰਘ ਧਰਮਸੌਤ ਨੂੰ ਨਾਭਾ ,ਸੁੰਦਰ ਸ਼ਾਮ ਅਰੋੜਾ ਨੂੰ ਹੁਸ਼ਿਆਰਪੁਰ ਅਤੇ ਗੁਰਪ੍ਰੀਤ ਕਾਂਗੜ ਨੂੰ ਰਾਮਪੁਰਾ ਫੂਲ ਤੋਂ ਇਕ ਵਾਰ ਫਿਰ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਆਉਣ ਵਾਲੇ ਸੁਖਪਾਲ ਸਿੰਘ ਖਹਿਰਾ ਜੋ ਕਿ ਇਸ ਸਮੇਂ ਈਡੀ ਦੇ ਸਿਕੰਜੇ ਵਿੱਚ ਹਨ,ਨੂੰ ਵੀ ਟਿਕਟ ਮਿਲ ਗਈ ਹੈ।
ਹੁਣ ਇਹ ਦੇਖਣਾ ਹੋਵੇਗਾ ਕਿ ਸਿੱਧੂ ਮੂਸੇਵਾਲਾ ਅਤੇ ਮਾਲਵਿਕਾ ਸੂਦ ਦਾ ਵਿਰੋਧ ਕਰਨ ਵਾਲੇ ਨਾਜਰ ਸਿੰਘ ਮਾਨਸ਼ਾਹੀਆ ਅਤੇ ਹਰਜੋਤ ਕਮਲ ਕਿਹੜੇ ਬਦਲ ਅਪਣਾਉਂਦੇ ਹਨ।
ਕਾਂਗਰਸ ਵੱਲੋਂ ਜਾਰੀ ਪਹਿਲੀ ਲਿਸਟ-: