ਕਾਂਗਰਸ ਵਿੱਚ ਕਲੇਸ਼ ਸ਼ਿਖਰਾਂ ‘ਤੇ-ਕਾਂਗਰਸੀਆਂ ਨੇ ਹੀ ਖੋਲ੍ਹਿਆ ਕਾਂਗਰਸੀਆਂ ਖਿਲਾਫ ਮੋਰਚਾ
ਚੰਡੀਗੜ੍ਹ,2 ਫਰਵਰੀ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਵਿੱਚ ਕਲੇਸ਼ ਜ਼ੋਰਾਂ ਤੇ ਹੈ। ਟਿਕਟ ਨਾ ਮਿਲਣ ਤੋਂ ਬਾਅਦ ਦਿੱਗਜ ਕਾਂਗਰਸੀਆਂ ਨੇ ਪਾਰਟੀ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਨਾਮਜ਼ਦਗੀਆਂ ਦਾ ਆਖਿਰੀ ਦਿਨ ਸੀ। ਕਾਂਗਰਸੀ ਆਗੂਆਂ ਦੇ ਕਈ ਰਿਸ਼ਤੇਦਾਰਾਂ ਨੇ ਵੀ ਆਜ਼ਾਦ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ। ਇਹਨਾਂ ਵਿੱਚ ਸਭ ਤੋਂ ਅਹਿਮ ਨਾਮ ਮੁੱਖ ਮੰਤਰੀ ਚੰਨੀ ਦੇ ਭਰਾ ਡਾ.ਮਨੋਹਰ ਸਿੰਘ ਦਾ ਹੈ । ਉਹ ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਖਿਲਾਫ ਆਜ਼ਾਦ ਚੋਣ ਲੜਨਗੇ। ਉਹਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਖਿਲਾਫ ਚੋਣ ਲੜ ਰਹੇ ਹਨ। ਖਡੂਰ ਤੋਂ ਕਾਂਗਰਸੀ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਦੇ ਭਰਾ ਰਾਜਨ ਗਿੱਲ ਕਾਂਗਰਸ ਦੇ ਹੀ ਰਮਨਜੀਤ ਸਿੱਕੀ ਖਿਲਾਫ ਮੈਦਾਨ ਵਿੱਚ ਉਤਰੇ ਹਨ। ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਅਤੇ ਕਾਂਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਵੀ ਭਾਜਪਾ ਤੋਂ ਚੋਣ ਮੈਦਾਨ ਵਿੱਚ ਹਨ।
ਮੌਜੂਦਾ ਵਿਧਾਇਕਾਂ ਵਿੱਚੋਂ ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਨੂੰ ਵੀ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਹੈ। ਜਿਸ ਤੋਂ ਬਾਅਦ ਉਹ ਕਾਂਗਰਸ ਦੇ ਉਮੀਦਵਾਰ ਰਾਜਾ ਗਿੱਲ ਖਿਲਾਫ ਆਜ਼ਾਦ ਚੋਣ ਮੈਦਾਨ ਵਿੱਚ ਹਨ। ਮਲੋਟ ਤੋਂ ਕਾਂਗਰਸੀ ਵਿਧਾਇਕ ਅਜੈਬ ਸਿੰਘ ਭੱਟੀ ਨੇ ਵੀ ਟਿਕਟ ਨਾ ਮਿਲਣ ਤੋਂ ਨਾਰਾਜ਼ਗੀ ਜਾਹਰ ਕੀਤੀ ਹੈ। ਉਹਨਾਂ ਦੀ ਪਤਨੀ ਨੇ ਭਦੌੜ ਤੋਂ ਮੁੱਖ ਮੰਤਰੀ ਚੰਨੀ ਖਿਲਾਫ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹੈ ਅਤੇ ਆਪਣੀ ਨਾਮਜ਼ਦਗੀ ਵੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਚੰਨੀ ਦੇ ਕਰੀਬੀ ਰਿਸ਼ਤੇਦਾਰ ਮਹਿੰਦਰ ਕੇਪੀ ਨੇ ਵੀ ਟਿਕਟ ਨਾ ਮਿਲਣ ਤੇ ਨਾਰਜ਼ਗੀ ਜ਼ਾਹਰ ਕੀਤੀ ਹੈ।ਹਾਲਾਂਕਿ ਉਹਨਾਂ ਨੇ ਅਜੇ ਤੱਕ ਕੋਈ ਐਲਾਨ ਨਹੀਂ ਕੀਤਾ ਹੈ ।ਉੱਥੇ ਹੀ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੇ ਵੀ ਟਿਕਟ ਕੱਟੇ ਜਾਣ ਤੋ ਬਾਅਦ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਉਹ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਨੂੰ ਟੱਕਰ ਦਿੰਦੇ ਦਿਖਾਈ ਦੇਣਗੇ।
ਕਾਂਗਰਸ ਦੇ ਵਿਧਾਇਕ ਅੰਗਦ ਸੈਣੀ ਨੂੰ ਵੀ ਪਾਰਟੀ ਨੇ ਉਮੀਦਵਾਰ ਨਹੀਂ ਬਣਾਇਆ ਹੈ। ਉਹਨਾਂ ਦੀ ਪਤਨੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਹੈ । ਉਹਨਾਂ ਤੋਂ ਇਲਾਵਾ ਬਰਨਾਲਾ ਤੋਂ ਵਿਧਾਇਕ ਕੇਵਲ ਢਿੱਲੋਂ , ਫ਼ਿਰੋਜ਼ਪੁਰ ਤੋਂ ਸਤਿਕਾਰ ਕੌਰ ਗਹਿਰੀ ,ਸ਼ੁਤਰਾਣਾ ਤੋਂ ਨਿਰਮਲ ਸ਼ੁਤਰਾਣਾ,ਜਲਾਲਾਬਾਦ ਤੋਂ ਰਮਿੰਦਰ ਆਂਵਲਾ ਨੂੰ ਵੀ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਹੈ ।