ਕਾਂਗਰਸ ਲਈ ਔਖਾ ਹੋਵੇਗਾ ਮਾਨਸਾ ਹਲਕੇ ਦੀ ਟਿਕਟ ਦਾ ਫੈਸਲਾ
ਪੜ੍ਹੋ,ਹੁਣ ਕਿਹੜੇ ਵਿਧਾਇਕ ਨੇ ਠੋਕਿਆ ਦਾਅਵਾ,ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ‘ਤੇ ਸਖਤ ਵਿਰੋਧ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ,14 ਜਨਵਰੀ(ਵਿਸ਼ਵ ਵਾਰਤਾ) – ਪਿਛਲੇ ਦਿਨੀਂ ਹੀ ਕਾਂਗਰਸ ਵਿੱਚ ਸ਼ਾਮਿਹ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਹਿਲਾਂ ਤੋਂ ਹੀ ਟਕਸਾਲੀ ਕਾਂਗਰਸੀਆਂ ਵੱਲੋਂ ਵਿਰੋਧ ਹੋ ਰਿਹਾ ਸੀ। ਹੁਣ,2017 ਵਿੱਚ ਆਮ ਆਦਮੀ ਪਾਰਟੀ ਤੋਂ ਵਿਧਾਇਕ ਚੁਣੇ ਗਏ ਅਤੇ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਾਂਗਰਸ ਲੀਡਰਸ਼ਿਪ ਖ਼ਿਲਾਫ਼ ਬਗ਼ਾਵਤ ਦਾ ਝੰਡਾ ਬੁਲੰਦ ਕਰਦਿਆਂ ਅੱਜ ਕਿਹਾ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਨ੍ਹਾਂ ਦੇ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਕਾਂਗਰਸ ਦੀ ਸੂਚੀ ਅੱਜ ਆ ਸਕਦੀ ਹੈ ਤੇ ਉਹਨਾਂ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਤੇ ਇਕ ਵਾਰ ਫਿਰ ਤੋਂ ਚਰਚਾ ਹੋਣੀ ਚਾਹੀਦੀ ਹੈ।
ਮਾਨਸ਼ਾਹੀਆ ਨੇ ਅੱਗੇ ਕਿਹਾ ਕਿ ਮੂਸੇਵਾਲਾ ਸਰਦੂਲਗੜ੍ਹ ਨਾਲ ਸੰਬੰਧਿਤ ਹੈ ਅਤੇ ਉਹਨਾਂ ਨੇ ਨਾਲ ਹੀ ਸਿੱਧੂ ਮੂਸੇਵਾਲਾ ਵੱਲੋਂ ਦਿੱਤੇ ਗਏ ਬਿਆਨ ਦਾ ਜਿਕਰ ਕਰਦਿਆਂ ਕਿਹਾ ਕਿ ਉਸ ਨੇ ਇਹ ਕਹਿੰਦਿਆਂ ਹਾਈਕਮਾਨ ਦਾ ਪਹਿਲਾਂ ਹੀ ਮਜਾਕ ਉਡਾਇਆ ਹੈ ਕਿ ਜੇਕਰ ਉਸਨੂੰ ਟਿਕਟ ਨਹੀਂ ਮਿਲੀ ਤਾਂ ਉਹ ਆਜ਼ਾਦ ਚੋਣ ਲੜੇਗਾ।