ਕਾਂਗਰਸ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ
‘ਇਕ ਪਰਿਵਾਰ ਇਕ ਟਿਕਟ’ ਦਾ ਨਿਯਮ ਕਿਹੜੇ ਆਗੂਆਂ ਦੇ ਰਿਸ਼ਤੇਦਾਰਾਂ ਤੇ ਨਹੀਂ ਹੋਇਆ ਲਾਗੂ
ਟਿਕਟ ਬਚਾਉਣ ਵਿੱਚ ਕੌਣ-ਕੌਣ ਹੋਇਆ ਕਾਮਯਾਬ ਅਤੇ ਕਿਹਨਾਂ ਦੀ ਕੱਟ ਗਈ ਟਿਕਟ
ਪੜ੍ਹੋ,ਪੂਰੀ ਖਬਰ
ਚੰਡੀਗੜ੍ਹ,26 ਜਨਵਰੀ(ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ 23 ਹੋਰ ਉਮੀਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਤੱਕ ਕੁੱਲ 109 ਉਮੀਦਵਾਰ ਐਲਾਨ ਦਿੱਤੇ ਗਏ ਹਨ।ਕੱਲ੍ਹ ਦੇਰ ਰਾਤ ਜਾਰੀ ਕੀਤੀ ਗਈ ਕਾਂਗਰਸ ਪਾਰਟੀ ਦੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚੋਂ 4 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਆਉਣ ਵਾਲੇ ਦੋ ਉਮੀਦਵਾਰ ਜਗਰਾਉਂ ਤੋਂ ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਫਿਰੋਜ਼ਪੁਰ (ਦਿਹਾਤੀ) ਤੋਂ ਆਸ਼ੂ ਬੰਗੜ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ। ਕਾਂਗਰਸ ਪਾਰਟੀ ਨੇ ਆਪਣੇ ਇਕ ਪਰਿਵਾਰ ਇਕ ਟਿਕਟ ਦੇ ਨਿਯਮ ਨੂੰ ਪਾਸੇ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਉਮੀਦਵਾਰ ਬਣਾਇਆ ਹੈ।ਜਿਕਰਯੋਗ ਹੈ ਕਿ ਪਾਰਟੀ ਨੇ ਭੱਠਲ ਨੂੰ ਪਹਿਲਾਂ ਹੀ ਲਹਿਰਾਗਾਗਾ ਤੋਂ ਟਿਕਟ ਦੇ ਦਿੱਤੀ ਹੈ।ਦੂਜੀ ਸੂਚੀ ਵਿੱਚ ਕਾਂਗਰਸ ਦੀ ਟਿਕਟ ਹਾਸਲ ਕਰਨ ਵਾਲਿਆਂ ਵਿੱਚ ਮੁਕਤਸਰ ਤੋਂ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਬਰਾੜ ਵੀ ਸ਼ਾਮਲ ਹੈ। ਜੋਗਿੰਦਰ ਪਾਲ ਨੇ ਆਪਣੀ ਭੋਆ ਸੀਟ ਬਰਕਰਾਰ ਰੱਖੀ ਹੈ ਅਤੇ ਗਿੱਲ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਵੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ।ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ ਦੀ ਥਾਂ ਰਾਜਾ ਗਿੱਲ ਨੂੰ ਟਿਕਟ ਦਿੱਤੀ ਗਈ ਹੈ।
ਇਹਨਾਂ ਸਭ ਤੋਂ ਇਲਾਵਾ ਖਰੜ ਹਲਕੇ ਤੋਂ ਸਾਬਕਾ ਮੰਤਰੀ ਜਗਮੋਹਨ ਕੰਗ ਨੂੰ ਨਜ਼ਰਅੰਦਾਜ ਕਰਦਿਆਂ ਪਾਰਟੀ ਨੇ ਮੋਰਿੰਡਾ ਨਾਲ ਸੰਬੰਧਿਤ ਸ਼ਰਾਬ ਦੇ ਠੇਕੇਦਾਰ ਵਿਜੇ ਸ਼ਰਮਾ ਟਿੰਕੂ ‘ਤੇ ਭਰੋਸਾ ਜਤਾਉਂਦਿਆਂ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਅਮਰਗੜ੍ਹ ਤੋਂ ਮੌਜੂਦਾ ਵਿਧਾਇਕ ਸੁਰਜੀਤ ਧੀਮਾਨ ਦੀ ਥਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਸੁਮੀਤ ਸਿੰਘ ਨੂੰ ਟਿਕਟ ਦਿੱਤੀ ਹੈ।ਹਾਲਾਂਕਿ ਪਾਰਟੀ ਨੇ ਸੁਰਜੀਤ ਦੇ ਪੁੱਤਰ ਜਸਵਿੰਦਰ ਧੀਮਾਨ ਨੂੰ ਸੁਨਾਮ ਹਲਕੇ ਤੋਂ ਟਿਕਟ ਦਿੱਤੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਵਾਲੇ ਦੀਪਇੰਦਰ ਸਿੰਘ ਢਿੱਲੋਂ ਨੂੰ ਡੇਰਾਬੱਸੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼ੁਤਰਾਣਾ ਰਿਜ਼ਰਵ ਸੀਟ ਤੋਂ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਦਰਬਾਰਾ ਸਿੰਘ 2017 ਵਿੱਚ ਇਸ ਸੀਟ ਤੋਂ ਚੋਣ ਹਾਰ ਗਏ ਸਨ।