ਕਾਂਗਰਸ ਨੂੰ ਮੁੜ ਸੁਰਜੀਤ ਕਰਨ ਲਈ ਤਜਿੰਦਰ ਬਿੱਟੂ ਨੇ ਸੰਭਾਲੀ ਹਿਮਾਚਲ ਦੀ ਕਮਾਨ
ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ)- ਕਾਂਗਰਸ ਪਾਰਟੀ ਦੇ ਕੌਮੀ ਸਕੱਤਰ ਅਤੇ ਹਿਮਾਚਲ ਇੰਚਾਰਜ ਦੇ ਸਹਿਯੋਗੀ ਵਜੋਂ ਤਜਿੰਦਰ ਬਿੱਟੂ ਨੇ ਅੱਜ ਹਿਮਾਚਲ ਪ੍ਰਦੇਸ਼ ਕਾਂਗਰਸ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ਼ਿਮਲਾ ਪੁੱਜੇ ਤਜਿੰਦਰ ਬਿੱਟੂ ਦਾ ਕਾਂਗਰਸੀ ਵਰਕਰਾਂ ਤੇ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਜਿੰਦਰ ਬਿੱਟੂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਲਈ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ।
ਉਨ੍ਹਾਂ ਕਿਹਾ ਕਿ ਹਿਮਾਚਲ ਦੀ ਕਾਂਗਰਸ ਇੱਕਜੁੱਟ ਹੈ ਅਤੇ ਦੋਵੇਂ ਚੋਣਾਂ ਵਿੱਚ ਕਾਂਗਰਸ ਜਿੱਤ ਦਾ ਝੰਡਾ ਲਹਿਰਾਏਗੀ। ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਵੀ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਕਾਂਗਰਸ ਪੂਰੇ ਦੇਸ਼ ‘ਚ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਦੇਸ਼ ‘ਚ ਭਾਜਪਾ ਨੂੰ ਰਾਜਨੀਤੀ ਤੋਂ ਬਾਹਰ ਕਰਨਾ ਹੈ ਅਤੇ ਕਾਂਗਰਸ ਨੂੰ ਮੁੜ ਤੋਂ ਮਜ਼ਬੂਤ ਕਰਨਾ ਹੈ ਤਾਂ ਕਾਂਗਰਸੀ ਵਰਕਰਾਂ ਤੋਂ ਲੈ ਕੇ ਆਗੂਆਂ ‘ਚ ਏਕਤਾ ਬਹੁਤ ਜ਼ਰੂਰੀ ਹੈ।