ਪਟਿਆਲਾ ਮੇਅਰ ਬੇਭਰੋਸਗੀ ਮਤਾ
ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ
ਮੇਅਰ ਬਿੱਟੂ ਦੇ ਹੱਕ ਵਿੱਚ 25 ਅਤੇ ਖ਼ਿਲਾਫ 36 ਪਈਆਂ ਵੋਟਾਂ
ਬਹੁਮਤ ਗਵਾਉਣ ਤੇ ਮੇਅਰ ਬਿੱਟੂ ਨੂੰ ਕੀਤਾ ਮੁਅੱਤਲ-ਬ੍ਰਹਮ ਮੋਹਿੰਦਰਾ
ਮੇਅਰ ਦੀ ਮੁਅੱਤਲੀ ਦੇ ਖਿਲਾਫ ਅਦਾਲਤ ਦਾ ਦਰਵਾਜਾ ਖੜਕਾਉਣਗੇ ਕੈਪਟਨ ਅਮਰਿੰਦਰ
ਚੰਡੀਗੜ੍ਹ, 25ਨਵੰਬਰ(ਵਿਸ਼ਵ ਵਾਰਤਾ)-ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੂੰ ਉਤਾਰਨ ਲਈ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਵਿੱਚ ਅੱਜ ਕਾਂਗਰਸ ਦੋ-ਤਿਹਾਈ ਬਹੁਮਤ ਹਾਸਲ ਨਹੀਂ ਕਰ ਪਾਈ। ਕਾਂਗਰਸੀ ਖੇਮੇ ਨੂੰ 36 ਵੋਟਾਂ ਪਈਆਂ, ਜਦੋਂ ਕਿ ਕੈਪਟਨ ਕਰੀਬੀ ਬਿੱਟੂ ਨੂੰ 25 ਵੋਟਾਂ ਪਈਆਂ, ਜਿਸ ਕਾਰਨ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰਕੇ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ ਹੈ। ਮੇਅਰ ਨੂੰ ਉਤਾਰਨ ਲਈ ਦੋ ਤਿਹਾਈ ਬਹੁਮਤ ਯਾਨੀ ਕਿ 42 ਵੋਟਾਂ ਦੀ ਲੋੜ ਸੀ।
ਇਸ ਦੌਰਾਨ ਦੋਵਾਂ ਧੜਿਆਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦਾ ਕਹਿਣਾ ਹੈ ਕਿ ਬਹੁਮਤ ਗਵਾਉਣ ਕਾਰਨ ਬਿੱਟੂ ਨੂੰ ਮੁਅੱਤਲ ਕੀਤਾ ਗਿਆ ਹੈ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁਅੱਤਲੀ ਦੇ ਖਿਲਾਫ਼ ਅਦਾਲਤ ਦਾ ਰੁਖ ਕਰਨ ਦਾ ਐਲਾਨ ਕਰ ਦਿੱਤਾ ਹੈ।