ਟਿਕਟਾਂ ਦੀ ਵੰਡ ਤੋਂ ਬਾਅਦ ਕਾਂਗਰਸੀ ਹੀ ਡਟੇ ਕਾਂਗਰਸੀਆਂ ਦੇ ਖਿਲਾਫ
ਮੁੱਖ ਮੰਤਰੀ ਦਾ ਭਰਾ,ਕੈਬਨਿਟ ਮੰਤਰੀ ਦਾ ਬੇਟਾ ਅਤੇ ਰਾਜ ਸਭਾ ਮੈਂਬਰ ਦਾ ਭਰਾ ਆਪਣਿਆਂ ਖਿਲਾਫ ਹੀ ਲੜਨਗੇ ਚੋਣ
ਚੰਡੀਗੜ੍ਹ,17 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਆਉਂਦਿਆਂ ਹੀ ਸਿਆਸੀ ਆਗੂਆਂ ਵੱਲੋਂ ਦਲ-ਬਦਲੀਆਂ ਅਤੇ ਬਗਾਵਤ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਟਿਕਟ ਨਾ ਮਿਲਣ ਤੋਂ ਨਾਰਾਜ਼ ਆਗੂ ਲਗਾਤਾਰ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਹਨ। ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਪਹਿਲੀ ਸੂਚੀ ਦੇ ਐਲਾਨ ਤੋਂ ਬਾਅਦ ਜਿੱਥੇ ਕਈ ਆਗੂ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਹਨ, ਉੱਥੇ ਹੀ ਟਿਕਟ ਪ੍ਰਾਪਤ ਕਰਨ ਵਾਲੇ ਕਈ ਆਗੂਆਂ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਵੱਲੋਂ ਉਹਨਾਂ ਦੀ ਹੀ ਪਾਰਟੀ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਲਿਸਟ ਵਿੱਚ ਸਭ ਤੋਂ ਅਹਿਮ ਨਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਦਾ ਆਉਂਦਾ ਹੈ। ਉਹ ਪਿਛਲ਼ੇ ਲੰਮੇ ਸਮੇਂ ਤੋਂ ਹਲਕਾ ਬਸੀ ਪਠਾਣਾਂ ਤੋਂ ਟਿਕਟ ਦੇ ਚਾਹਵਾਨ ਸਨ। ਪਰ,ਪਾਰਟੀ ਨੇ ਮੌਜੂਦਾ ਵਿਧਾਇਕ ਗੁਰਪ੍ਰੀਤ ਜੀਪੀ ਤੇ ਭਰੋਸਾ ਦਿਖਾਇਆ ਹੈ। ਟਿਕਟ ਨਾ ਮਿਲਣ ਤੋਂ ਬਾਅਦ ਖਫਾ ਹੋਏ ਮਨੋਹਰ ਸਿੰਘ ਨੇ ਆਜ਼ਾਦ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਹੈ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਚਮਕੌਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ।
ਉਹਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜਿਹਨਾਂ ਨੂੰ ਕਿ ਕਪੂਰਥਲਾ ਤੋਂ ਟਿਕਟ ਮਿਲੀ ਹੈ,ਨੇ ਵੀ ਉਹਨਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਨੂੰ ਸੁਲਤਾਨਪੁਰ ਲੋਧੀ ਤੋਂ ਟਿਕਟ ਨਾ ਮਿਲਣ ‘ਤੇ ਵਿਰੋਧ ਜਤਾਇਆ ਹੈ। ਦੱਸ ਦਈਏ ਕਿ ਉਹਨਾਂ ਦੇ ਬੇਟੇ ਵੱਲੋਂ ਵੀ ਚੋਣ ਲੜਨ ਦੀਆਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਸਨ। ਉਹਨਾਂ ਵੱਲੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨ ਦੀਆਂ ਚਰਚਾਵਾਂ ਜੋਰਾਂ ਤੇ ਹਨ।
ਇਸ ਸੂਚੀ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਜੁੜਦਾ ਹੈ। ਕਾਂਗਰਸ ਵੱਲੋਂ ਉਹਨਾਂ ਨੂੰ ਵੀ ਕਾਦੀਆਂ ਤੋਂ ਟਿਕਟ ਮਿਲੀ ਹੈ,ਪਰ ਉਹਨਾਂ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਜੋ ਕਿ ਪਿਛਲੇ ਦਿਨੀਂ ਹੀ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ,ਵੀ ਕਾਦੀਆਂ ਤੋਂ ਹੀ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ।