ਕਸ਼ਮੀਰ ਵਿੱਚ ਹੋ ਰਹੀਆਂ ਟਾਰਗੇਟ ਹੱਤਿਆਵਾਂ ਤੋਂ ਬਾਅਦ ਵੱਡਾ ਐਕਸ਼ਨ ਲੈਣ ਦੀ ਤਿਆਰੀ ‘ਚ ਕੇਂਦਰ ਸਰਕਾਰ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੌਜ ਦੇ ਉੱਚ ਅਧਿਕਾਰੀਆਂ ਦੀ ਸੱਦੀ ਮੀਟਿੰਗ
ਚੰਡੀਗੜ੍ਹ,3 ਜੂਨ(ਵਿਸ਼ਵ ਵਾਰਤਾ)- ਕਸ਼ਮੀਰ ਘਾਟੀ ਵਿੱਚ ਹੋ ਰਹੀਆਂ ਟਾਰਗੇਟ ਹੱਤਿਆਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਸਖਤ ਐਕਸ਼ਨ ਲੈਣ ਦੀ ਤਿਆਰੀ ਵਿੱਚ ਹੈ। ਕਸ਼ਮੀਰ ‘ਚ 12 ਘੰਟਿਆਂ ‘ਚ ਹੋਈ ਦੂਜੀ ਹੱਤਿਆ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਪੱਧਰੀ ਬੈਠਕ ਸੱਦ ਲਈ ਹੈ। ਜਾਣਕਾਰੀ ਅਨੁਸਾਰ ਅਮਿਤ ਸ਼ਾਹ ਵੱਲੋਂ ਸੱਦੀ ਇਸ ਮੀਟਿੰਗ ਵਿੱਚ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਫੌਜ ਮੁਖੀ ਜਨਰਲ ਮਨੋਜ ਪਾਂਡ ਸ਼ਾਮਿਲ ਹੋਣਗੇ। ਦੱਸ ਦਈਏ ਕਿ ਕਸ਼ਮੀਰ ‘ਚ ਅੱਤਵਾਦੀ ਗੈਰ-ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੰਗਲਵਾਰ ਨੂੰ ਹਿੰਦੂ ਅਧਿਆਪਕਾ ਰਜਨੀਬਾਲਾ ਦੀ ਹੱਤਿਆ ਤੋਂ ਬਾਅਦ ਵੀਰਵਾਰ ਨੂੰ ਦੋ ਥਾਵਾਂ ‘ਤੇ ਗੈਰ-ਕਸ਼ਮੀਰੀਆਂ ‘ਤੇ ਹਮਲੇ ਹੋਏ। ਪਹਿਲਾ ਹਮਲਾ ਕੁਲਗਾਮ ‘ਚ ਸਵੇਰੇ ਹੋਇਆ, ਜਿੱਥੇ ਰਾਜਸਥਾਨ ਦੇ ਰਹਿਣ ਵਾਲੇ 25 ਸਾਲਾ ਬੈਂਕ ਮੈਨੇਜਰ ਵਿਜੇ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਟਾਰਗੇਟ ਕਿਲਿੰਗ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੇ ਘਾਟੀ ਤੋਂ ਵੱਡੇ ਪੱਧਰ ‘ਤੇ ਪਲਾਇਨ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇਸ ਮੁੱਦੇ ‘ਤੇ NSA ਅਜੀਤ ਡੋਭਾਲ ਨਾਲ ਮੀਟਿੰਗ ਕਰਨਗੇ। ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਡੀਜੀਪੀ ਦਿਲਬਾਗ ਸਿੰਘ, ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ, ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਅਤੇ ਐੱਸਐੱਸਬੀ ਮੁਖੀ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਵੀਰਵਾਰ ਨੂੰ ਵੀ ਸ਼ਾਹ ਨੇ ਡੋਭਾਲ ਨਾਲ ਮੁਲਾਕਾਤ ਕੀਤੀ ਸੀ।