ਕਲਗੀਧਰ ਟਰੱਸਟ ਬੜੂ ਸਾਹਿਬ ਦਾ ਵਿਸ਼ੇਸ਼ ਉਪਰਾਲਾ
ਕਿਸਾਨੀ ਮੋਰਚੇ ਦੋਰਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਕਿਸਾਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ
ਚੰਡੀਗੜ੍ਹ, 26 ਦਸੰਬਰ(ਵਿਸ਼ਵ ਵਾਰਤਾ) – ਲੋਕ ਸੇਵਾ ਲਈ ਸਦਾ ਤਤਪਰ ਰਹਿਣ ਵਾਲੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਉੱਤਰੀ ਭਾਰਤ ਦੀ ਨਿਵੇਕਲੀ ਸੰਸਥਾ ਹੈ, ਜਿਸ ਵੱਲੋਂ ਲੋੜਵੰਦ, ਬੇਸਹਾਰਾ, ਆਰਥਿਕ ਪੱਖੋਂ ਕਮਜ਼ੋਰ ਅਤੇ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਲਗਭਗ 28000 ਬੱਚਿਆਂ ਨੂੰ ਪਹਿਲਾਂ ਤੋਂ ਹੀ ਮੁਫ਼ਤ ਸਿੱਖਿਆ ਅਤੇ ਕਿਸੇ ਨਾ ਕਿਸੇ ਰੂਪ ਵਿਚ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕਿਸਾਨੀ ਮੋਰਚੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਬਾਰ੍ਹਵੀਂ ਤੱਕ ਮੁਫ਼ਤ ਵਿੱਦਿਆ ਦੇਣ ਦਾ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਐਲਾਨ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸੰਸਥਾ ਲੋੜਵੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਕਿਸਾਨਾਂ ਦੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਈ ਵਚਨਬੱਧ ਹੈ ਕਿਉਂਕਿ ਵਿਦਿਆ ਰੂਪੀ ਗਿਆਨ ਰਾਹੀਂ ਹੀ ਸਮਾਜ ਅੰਦਰ ਜਾਗ੍ਰਿਤੀ ਲਿਆਂਦੀ ਜਾ ਸਕਦੀ ਹੈ। ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਵੱਲੋਂ ਸਮਾਜ ਦੇ ਭਲੇ ਲਈ ਹਮੇਸ਼ਾ ਉਸਾਰੂ ਕਾਰਜ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਰਨਾ ਪ੍ਰਮੁੱਖ ਕਾਰਜ ਹੈ ਟਰੱਸਟ ਅਧੀਨ 130 ਅਕਾਲ ਅਕੈਡਮੀਆਂ ਤੇ 2 ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਦੁਨੀਆਵੀਂ ਵਿਦਿਆ ਦੇ ਨਾਲ-ਨਾਲ ਅਧਿਆਤਮਿਕ ਵਿਦਿਆ ਵੀ ਪ੍ਰਦਾਨ ਕਰ ਰਹੀਆਂ ਹਨ। ਹੁਣ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਮੋਰਚੇ ਦੇ ਦੌਰਾਨ ਸੰਸਥਾ ਵੱਲੋਂ ਜਿੱਥੇ ਸ਼ਹੀਦੀ ਪ੍ਰਾਪਤ ਕਰ ਗਏ ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਸਿਹਤ ਸਹੂਲਤਾਂ ਦੇ ਮੱਦੇਨਜ਼ਰ ਲੋੜਵੰਦਾਂ ਨੂੰ ਦਿੱਲੀ ਮੋਰਚੇ ਵਿੱਚ ਮੁਫ਼ਤ ਦਵਾਈਆਂ ਦੀ ਸੇਵਾ ਦੇ ਨਾਲ਼ ਹੋਰ ਵੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।