ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਰੈਕਟ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਵਿੱਚ ਸੁਣਵਾਈ ਅੱਜ
ਚੰਡੀਗੜ੍ਹ 27 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਸਿੰਥੈਟਿਕ ਨਸ਼ਿਆਂ ਦੇ ਮਾਮਲੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ। ਜਾਣਕਾਰੀ ਅਨੁਸਾਰ ਇਹ ਪਟੀਸ਼ਨ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਨੂੰ ਐਸਆਈਟੀ ਵੱਲੋਂ ਪੇਸ਼ ਕੀਤੀਆਂ ਰਿਪੋਰਟਾਂ ’ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾਣ।ਜਿਕਰਯੋਗ ਹੈ ਕਿ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਇਹ ਰਿਪੋਰਟਾਂ 1 ਫਰਵਰੀ 2018, 15 ਮਾਰਚ 2018 ਅਤੇ 8 ਮਈ 2018 ਨੂੰ ਪੇਸ਼ ਕੀਤੀਆਂ ਸਨ।
ਨਵਕਿਰਨ ਸਿੰਘ ਨੇ ਕਿਹਾ ਹੈ ਕਿ ਰਿਪੋਰਟਾਂ ਵਿੱਚ ਐਸਆਈਟੀ ਵੱਲੋਂ ਕੀਤੀ ਗਈ ਜਾਂਚ ਦੇ ਖੁਲਾਸੇ ਹਨ, ਜਿਸ ਵਿੱਚ ਨਸ਼ਾ ਤਸਕਰਾਂ ਨਾਲ ਕੁਝ ਪੁਲਿਸ ਮੁਲਾਜ਼ਮਾਂ ਦੀ ਕਥਿਤ ਸਾਂਝ ਸਾਹਮਣੇ ਆਈ ਹੈ। ਦੂਜੇ ਪਾਸੇ ਪੰਜਾਬ ਸਰਕਾਰ ਪੁਲੀਸ ਅਧਿਕਾਰੀਆਂ ਪ੍ਰਤੀ ਨਰਮ ਪੈ ਗਈ ਹੈ।
ਨਵਕਿਰਨ ਸਿੰਘ ਨੇ ਕਿਹਾ ਹੈ ਕਿ ਹਾਈ ਕੋਰਟ ਦੇ ਹੁਕਮਾਂ ‘ਤੇ ਐਸਆਈਟੀ ਨੇ 1 ਫਰਵਰੀ 2018 ਅਤੇ 15 ਮਾਰਚ 2018 ਅਤੇ 8 ਮਈ 2018 ਨੂੰ ਆਪਣੀਆਂ ਰਿਪੋਰਟਾਂ ਸੌਂਪੀਆਂ। ਇਨ੍ਹਾਂ ਰਿਪੋਰਟਾਂ ਨੂੰ ਸਬੰਧਤ ਮੁੱਦੇ ਦੇ ਮੱਦੇਨਜ਼ਰ ਦੇਖਣ ਦੀ ਲੋੜ ਹੈ। ਇਹ ਅਜੇ ਵੀ ਸੀਲਬੰਦ ਕਵਰ ਵਿੱਚ ਹੈ। ਇਨ੍ਹਾਂ ਰਿਪੋਰਟਾਂ ਵਿੱਚ ਨਸ਼ਾ ਤਸਕਰਾਂ ਨਾਲ ਪੁਲਿਸ ਅਧਿਕਾਰੀਆਂ ਦੇ ਕਥਿਤ ਸਬੰਧਾਂ ਬਾਰੇ ਐਸਆਈਟੀ ਦੀ ਜਾਂਚ ਦੇ ਖੁਲਾਸੇ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਪਿਛਲੀ ਸੁਣਵਾਈ ‘ਤੇ ਹਾਈਕੋਰਟ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਸੀਲਬੰਦ ਲਿਫਾਫੇ ‘ਚ ਪਈਆਂ ਰਿਪੋਰਟਾਂ ਦੇ ਆਧਾਰ ‘ਤੇ ਕਾਰਵਾਈ ਕਿਉਂ ਨਹੀਂ ਕਰ ਰਹੀ। ਇਸ ’ਤੇ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।